ਪੰਜਾਬ ‘ਚ ਸਵਾਈਨ ਫਲੂ ਨੇ ਦਿੱਤੀ ਦਸਤਕ, ਰਾਮਪੁਰਾ ਫੂਲ ’ਚ ਸਵਾਈਨ ਫਲੂ ਨਾਲ ਇਕ ਦੀ ਮੌਤ
ਪੰਜਾਬ ’ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਸ਼ਨਿਚਰਵਾਰ ਸ਼ਾਮ ਸਵਾਈਨ ਫਲੂ ਕਾਰਨ ਰਾਮਪੁਰਾ ਫੂਲ ਦੀ ਪਟਿਆਲਾ ਮੰਡੀ ਦੇ ਰਹਿਣ ਵਾਲੇ ਵਿਅਕਤੀ ਦੀ ਮੌਤ ਹੋ ਜਾਣ ਤੋਂ ਬਾਅਦ ਐਤਵਾਰ ਸਵੇਰੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗਾਂਧੀ ਨਗਰ ਸਥਿਤ ਸ਼ਿਵਪੁਰੀ ਵਿਖੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ। ਸਸਕਾਰ ਮੌਕੇ ਸਿਹਤ ਵਿਭਾਗ ਬਲਾਕ ਬਾਲਿਆਂਵਾਲੀ ਦੀ ਟੀਮ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਕਿੱਟਾਂ ਤੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਦਸਤਾਨੇ ਤੇ ਮਾਸਕ ਆਦਿ ਵੀ ਦਿੱਤੇ ਗਏ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਸੈਂਪਲ ਲੈਣ ਤੋਂ ਇਲਾਵਾ ਨੇੜਲੇ 255 ਘਰਾਂ ਦਾ ਸਰਵੇ ਕਰਕੇ ਸਵਾਈਨ ਫਲੂ ਸਬੰਧੀ ਜਾਣਕਾਰੀ ਦਿੱਤੀ ਗਈ।
ਸਵਾਈਨ ਫਲੂ ਕਾਰਨ ਹੋਈ ਮੌਤ
ਕਾਰਜਕਾਰੀ ਸਿਵਲ ਸਰਜਨ ਬਠਿੰਡਾ ਡਾ. ਰਮਨ ਸਿੰਗਲਾ ਨੇ ਦੱਸਿਆ ਕਿ ਪਟਿਆਲਾ ਮੰਡੀ ਦੇ ਰਹਿਣ ਵਾਲੇ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਬੁਖ਼ਾਰ ਹੋਣ ਤੋਂ ਬਾਅਦ ਪਹਿਲਾਂ ਰਾਮਪੁਰ ਫੂਲ ਤੇ ਬਾਅਦ ਵਿਚ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸ਼ਨਿਚਰਵਾਰ ਨੂੰ ਇੱਥੇ ਸਵਾਈਨ ਫਲੂ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਬਿਹਾਰ ਦੇ ਨੌਜਵਾਨ ਨੂੰ Google ਤੋਂ ਮਿਲਿਆ 2.07 ਕਰੋੜ ਦਾ ਪੈਕੇਜ
ਸਾਹ ਲੈਣ ਦੌਰਾਨ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦਾ
ਬਲਾਕ ਐਕਸਟੈਂਸ਼ਨ ਐਜੂਕੇਟਰ ਬਾਲਿਆਂਵਾਲੀ ਜਗਤਾਰ ਸਿੰਘ ਨੇ ਦੱਸਿਆ ਕਿ ਸਵਾਈਨ ਫਲੂ ਐੱਚ1ਐੱਨ1 ਨਾਂ ਦਾ ਵਾਇਰਸ ਸਾਹ ਲੈਣ ਦੌਰਾਨ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦਾ ਹੈ। ਸਵਾਈਨ ਫਲੂ ਤੋਂ ਪੀੜਤ ਵਿਅਕਤੀ ਨੂੰ ਤੇਜ਼ ਬੁਖ਼ਾਰ, ਖਾਂਸੀ, ਜ਼ੁਕਾਮ, ਗਲੇ ਵਿੱਚ ਖਾਰਸ਼, ਛਿੱਕਾਂ ਆਉਣਾ, ਨੱਕ ਵਗਣਾ, ਸਰੀਰ ਵਿਚ ਥਕਾਵਟ, ਸਾਹ ਲੈਣ ਵਿਚ ਤਕਲੀਫ਼ ਅਤੇ ਦਸਤ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।