ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 4 ਵਾਰ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਐਤਵਾਰ ਨੂੰ ਸ਼ਿਮਲਾ ਦੇ ਰਿਜ ਮੈਦਾਨ ’ਚ ਆਯੋਜਿਤ ਸਮਾਰੋਹ ’ਚ ਹਿਮਾਚਲ ਪ੍ਰਦੇਸ਼ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਨੇ ਉਨ੍ਹਾਂ ਨੂੰ ਇਤਿਹਾਸਕ ਰਿਜ ਮੈਦਾਨ ‘ਤੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਮੌਕੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ। ਦੱਸ ਦੇਈਏ ਕਿ ਸੁਖਵਿੰਦਰ ਸੁੱਖੂ ਇਕ ਸਾਧਾਰਨ ਵਰਕਰ ਸਨ। 26 ਮਾਰਚ, 1964 ਨੂੰ ਹਮੀਰਪੁਰ ਜ਼ਿਲ੍ਹੇ ਦੀ ਨਾਦੌਨ ਤਹਿਸੀਲ ਦੇ ਸੇਰਾ ਪਿੰਡ ਵਿਚ ਜਨਮੇ ਸੁਖਵਿੰਦਰ ਸੁੱਖੂ ਦੇ ਪਿਤਾ ਰਸੀਲ ਸਿੰਘ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਸ਼ਿਮਲਾ ’ਚ ਡਰਾਈਵਰ ਸਨ।
ਸੁਖਵਿੰਦਰ ਸੁੱਖੂ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਤੋਂ ਐਲ.ਐਲ.ਬੀ. ਕੀਤੀ। ਉਨ੍ਹਾਂ ਦਾ ਵਿਆਹ 11 ਜੂਨ 1998 ਨੂੰ ਕਮਲੇਸ਼ ਠਾਕੁਰ ਨਾਲ ਹੋਇਆ ਸੀ ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ। ਉਨ੍ਹਾਂ ਨੇ ਸ਼ਿਮਲਾ ’ਚ ਦੁੱਧ ਵੇਚ ਕੇ NSUI ਤੋਂ ਆਪਣਾ ਕਰੀਅਰ ਸ਼ੁਰੂ ਕੀਤਾ। ਸੁੱਖੂ ਕਾਂਗਰਸ ਨਾਲ ਸਬੰਧਿਤ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (NSUI) ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਸਨ।
ਉਨ੍ਹਾਂ ਨਾਲ ਮੁਕੇਸ਼ ਅਗਨੀਹੋਤਰੀ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਸ਼ਿਮਲਾ ਦੇ ਇਤਿਹਾਸਕ ਰਿਜ ਮੈਦਾਨ ਵਿੱਚ ਹੋਇਆ। ਸੁੱਖੂ ਮੰਤਰੀ ਮੰਡਲ ਦਾ ਵਿਸਥਾਰ ਬਾਅਦ ਵਿੱਚ ਕੀਤਾ ਜਾਵੇਗਾ। ਸਹੁੰ ਚੁੱਕ ਸਮਾਗਮ ‘ਚ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਹੋਰ ਸੀਨੀਅਰ ਨੇਤਾ ਸ਼ਾਮਲ ਹੋਏ। ਹਿਮਾਚਲ ਪ੍ਰਦੇਸ਼ ਦੀ ਸੱਤਾ ‘ਚ ਵਾਪਸੀ ਕਾਰਨ ਕਾਂਗਰਸ ‘ਚ ਉਤਸ਼ਾਹ ਦਾ ਮਾਹੌਲ ਹੈ।
ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੂੰ ਵਧਾਈ ਦਿੱਤੀ ਹੈ। ਰਾਜਨਾਥ ਸਿੰਘ ਨੇ ਟਵੀਟ ਕੀਤਾ, ‘ਸੁਖਵਿੰਦਰ ਸਿੰਘ ਸੁੱਖੂ ਅਤੇ ਮੁਕੇਸ਼ ਅਗਨੀਹੋਤਰੀ ਨੂੰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਵਧਾਈ। ਮੈਂ ਉਸ ਦੇ ਸਫਲ ਕਾਰਜਕਾਲ ਦੀ ਕਾਮਨਾ ਕਰਦਾ ਹਾਂ।