ਸਿੱਖਿਆ ਮੰਤਰੀ ਮੀਤ ਹੇਅਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਥੌਮਸ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਖਿਡਾਰੀ ਧਰੁਵ ਕਪਿਲਾ ਜੋ ਪੰਜਾਬ ਦਾ ਵਸਨੀਕ ਹੈ, ਨੂੰ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਤਰਫੋਂ ਵਧਾਈ ਦਿੱਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਡੇ ਸਥਾਨਕ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੀ ਮੇਰੇ ਨਾਲ ਸਨ। ਇਸ ਮੌਕੇ ਧਰੁਵ ਦੇ ਮਾਤਾ-ਪਿਤਾ ਗਗਨ ਕਪਿਲਾ ਜੀ ਤੇ ਸ਼ਿਵਾਨੀ ਕਪਿਲਾ ਨੂੰ ਵੀ ਮੁਬਾਰਕਬਾਦ ਦਿੱਤੀ ਜਿਨ੍ਹਾਂ ਦੇ ਪੁੱਤਰ ਨੇ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਧਰੁਵ ਦੇ ਕੋਚ ਆਨੰਦ ਤਿਵਾੜੀ ਨੂੰ ਵੀ ਵਧਾਈ ਦਿੱਤੀ। ਧਰੁਵ ਨੂੰ ਭਵਿੱਖ ਵਿੱਚ ਹੋਰ ਵੀ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਾਡੇ ਮੁੱਖ ਮੰਤਰੀ ਜੀ ਜਲਦ ਹੀ ਧਰੁਵ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਵਧਾਈ ਦੇਣਗੇ। ਉਨ੍ਹਾਂ ਨੇ ਕਿਹਾ ਧਰੁਵ ਨੇ ਮੈਨੂੰ ਆਪਣਾ ਬੈਡਮਿੰਟਨ ਰੈਕੇਟ ਵੀ ਦਿੱਤਾ। ਇਸ ਬੇਸ਼ਕੀਮਤੀ ਤੋਹਫ਼ੇ ਲਈ ਧਰੁਵ ਦਾ ਬਹੁਤ-ਬਹੁਤ ਧੰਨਵਾਦ।