ਚੈਂਪੀਅਨਸ ਟਰਾਫੀ ਤੋਂ ਪਹਿਲਾਂ ਭਾਰਤ ਨੂੰ ਝਟਕਾ! ਕੋਚ ਮੋਰਨੇ ਮੋਰਕਲ ਟੀਮ ਇੰਡੀਆ ਨੂੰ ਛੱਡ ਕੇ ਵਾਪਿਸ ਪਰਤੇ ਦੱਖਣੀ ਅਫਰੀਕਾ
ਪਾਕਿਸਤਾਨ ਅਤੇ ਯੂਏਈ ਵਿੱਚ ਬੁੱਧਵਾਰ ਤੋਂ ਚੈਂਪੀਅਨਸ ਟਰਾਫੀ ਸ਼ੁਰੂ ਹੋ ਰਹੀ ਹੈ। ਟੀਮ ਇੰਡੀਆ ਫਿਲਹਾਲ ਦੁਬਈ ‘ਚ ਆਈਸੀਸੀ ਚੈਂਪੀਅਨਸ ਟਰਾਫੀ 2025 ਦੀਆਂ ਤਿਆਰੀਆਂ ‘ਚ ਰੁੱਝੀ ਹੋਈ ਹੈ ਪਰ ਭਾਰਤ ਦੇ ਮੈਚ ਤੋਂ ਪਹਿਲਾਂ ਹੀ ਇਕ ਅਹਿਮ ਖਬਰ ਸਾਹਮਣੇ ਆਈ ਹੈ। ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਦੁਬਈ ਤੋਂ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ ਹਨ।
ਅਭਿਆਸ ਸੈਸ਼ਨ ਦੌਰਾਨ ਮੌਜੂਦ ਨਹੀਂ ਸੀ ਮੋਰਨੇ ਮੋਰਕਲ
ਪ੍ਰਾਪਤ ਜਾਣਕਾਰੀ ਅਨੁਸਾਰ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਦੁਬਈ ਤੋਂ ਆਪਣੇ ਦੇਸ਼ ਦੱਖਣੀ ਅਫਰੀਕਾ ਪਰਤ ਆਏ ਹਨ। ਇਸ ਪਿੱਛੇ ਨਿੱਜੀ ਕਾਰਨ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੋਰਨੇ ਮੋਰਕਲ ਸ਼ਨੀਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਪਹੁੰਚ ਗਏ ਸਨ। ਇਸ ਦੇ ਨਾਲ ਹੀ ਸੋਮਵਾਰ ਨੂੰ ਭਾਰਤੀ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਮੋਰਨੇ ਮੋਰਕਲ ਮੌਜੂਦ ਨਹੀਂ ਸੀ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਮੋਰਨੇ ਮੋਰਕਲ ਨਾਲ ਅਸਲ ਵਿੱਚ ਕੀ ਹੋਇਆ?
ਮੋਰਕਲ ਦੇ ਪਿਤਾ ਦਾ ਦਿਹਾਂਤ
ਮੋਰਨੇ ਮੋਰਕਲ ਦਾ ਅਚਾਨਕ ਟੀਮ ਤੋਂ ਬਾਹਰ ਹੋਣਾ ਨਿਸ਼ਚਿਤ ਤੌਰ ‘ਤੇ ਭਾਰਤ ਲਈ ਖਾਸ ਤੌਰ ‘ਤੇ ਤੇਜ਼ ਗੇਂਦਬਾਜ਼ੀ ਯੂਨਿਟ ਲਈ ਵੱਡਾ ਝਟਕਾ ਹੈ। ਇਹ ਸਪਸ਼ਟ ਨਹੀਂ ਹੈ ਕਿ ਮੋਰਕਲ ਕਦੋਂ ਟੀਮ ਨਾਲ ਜੁੜਨਗੇ ਅਤੇ ਕੀ ਉਹ ਪੂਰੇ ਟੂਰਨਾਮੈਂਟ ਦੌਰਾਨ ਵਾਪਿਸ ਪਰਤਣਗੇ ਜਾਂ ਨਹੀਂ। ਅਜਿਹੀਆਂ ਅਟਕਲਾਂ ਹਨ ਕਿ ਸ਼ਾਇਦ ਮੋਰਨੇ ਮੋਰਕਲ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ।