ਹਰਿਆਣਾ ਦੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿੱਚ ਚੱਲ ਰਹੀ ‘ਖੇਲੋ ਇੰਡੀਆ ਯੁਵਾ ਖੇਡਾਂ ਦੀ ਤਗਮਾ ਸੂਚੀ ਵਿੱਚ ਹਰਿਆਣਾ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ। ਹਰਿਆਣਾ ਦੇ ਖਾਤੇ ਵਿੱਚ 7 ਗੋਲਡ ਮੈਡਲ ਹਨ। ਸੋਮਵਾਰ ਨੂੰ ਹਰਿਆਣਾ ਦੀ ਊਸ਼ਾ ਨੇ ਵੇਟਲਿਫਟਿੰਗ ਵਿੱਚ 55 ਕਿਲੋ ਭਾਰ ਵਰਗ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਅੱਜ ਕਬੱਡੀ ਵਿੱਚ ਹਰਿਆਣਾ ਨੇ ਚੰਡੀਗੜ੍ਹ ਨੂੰ 62-28 ਨਾਲ ਹਰਾਇਆ। ਫੁੱਟਬਾਲ ਵਿੱਚ ਹਰਿਆਣਾ ਨੇ ਮਿਜ਼ੋਰਮ ਨੂੰ 3-0 ਨਾਲ ਹਰਾਇਆ।
ਇਸ ਤੋਂ ਪਹਿਲਾਂ ਐਤਵਾਰ ਨੂੰ ਵਰਿੰਦਾ ਯਾਦਵ ਨੇ ਸਾਈਕਲਿੰਗ ‘ਚ ਹਰਿਆਣਾ ਨੂੰ ਪਹਿਲਾ ਵਿਅਕਤੀਗਤ ਸੋਨ ਤਮਗਾ ਦਿਵਾਇਆ। ਵਰਿੰਦਾ ਯਾਦਵ ਨੇ 7.5 ਕਿਲੋਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ। ਮਹਾਰਾਸ਼ਟਰ ਅਤੇ ਚੰਡੀਗੜ੍ਹ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। 10 ਕਿਲੋਮੀਟਰ ਸਾਈਕਲਿੰਗ ਵਿੱਚ ਹਰਿਆਣਾ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਦੂਜੇ ਪਾਸੇ ਹਰਿਆਣਾ ਦੇ ਰਵੀ ਸਿੰਘ ਨੇ ਸਕਰੈਚ ਰੇਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਇਸ ਦੇ ਨਾਲ ਹੀ ਹਰਿਆਣਾ ਦੇ ਪੰਚਕੂਲਾ ’ਚ ਆਯੋਜਿਤ ਖੇਲੋ ਇੰਡੀਆ ਯੂਥ ਗੇਮਜ਼ ’ਚ ਕਾਜੋਲ ਸਰਗਾਰ ਨੇ ਪਹਿਲਾ ਸੋਨ ਤਮਗਾ ਜਿੱਤਿਆ ਹੈ। 3 ਸਾਲ ਪਹਿਲਾਂ ਤੱਕ ਕਾਜੋਲ ਸਰਗਾਰ ਦਾ ਖੇਡਾਂ ਨਾਲ ਸਿਰਫ਼ ਇੰਨਾ ਰਿਸ਼ਤਾ ਸੀ ਕਿ ਉਹ ਆਪਣੇ ਭਰਾ ਸੰਕੇਤ ਨੂੰ ਵੇਟਲਿਫਟਿੰਗ ਦੀ ਸਿਖਲਾਈ ਕਰਦਿਆਂ ਦੇਖਣ ਲਈ ਇਕ ਸਥਾਨਕ ਜਿਮਨੇਜ਼ੀਅਮ ’ਚ ਜਾਂਦੀ ਸੀ। ਮਹਾਰਾਸ਼ਟਰ ਦੇ ਸਾਂਗਲੀ ਤੋਂ ਆਉਣ ਵਾਲੀ ਕਾਜੋਲ ਨੇ ਆਪਣੇ ਭਰਾ ਨੂੰ ਭਾਰਤ ਦਾ ਚੋਟੀ ਦਾ ਵੇਟਲਿਫਟਰ ਬਣਦੇ ਦੇਖਿਆ ਪਰ ਇਸ ਨਾਲ ਵੀ ਉਸ ਨੂੰ ਖੇਡਾਂ ਵੱਲ ਆਉਣ ਦੀ ਪ੍ਰੇਰਨਾ ਨਹੀਂ ਮਿਲੀ। ਫਿਰ ਇਕ ਦਿਨ 2019 ’ਚ ਜਦੋਂ ਉਸ ਨੇ ਸਾਂਗਲੀ ਤੋਂ ਹੀ ਆਉਣ ਵਾਲੀ ਰੂਪਾ ਹਾਂਗੰਡੀ ਨੂੰ ਪੁਣੇ ਦੀਆਂ ਖੇਲੋ ਇੰਡੀਆ ਯੂਥ ਗੇਮਜ਼ ’ਚ ਸੋਨਾ ਜਿੱਤਦਿਆਂ ਦੇਖਿਆ ਤਾਂ ਉਦੋਂ ਤੋਂ ਹੀ ਕਾਜੋਲ ਲਈ ਸਭ ਕੁਝ ਬਦਲ ਗਿਆ। ਕਾਜੋਲ ਸਰਗਾਰ ਨੇ ਐਤਵਾਰ ਨੂੰ ਇਥੇ ਖੇਲੋ ਇੰਡੀਆ ਯੂਥ ਗੇਮਜ਼ ’ਚ ਪਹਿਲਾ ਸੋਨ ਤਮਗਾ ਜੇਤੂ ਬਣਨ ਤੋਂ ਬਾਅਦ ਕਿਹਾ ਕਿ ਮੇਰਾ ਭਰਾ ਮੇਰੇ ਤੋਂ ਪੰਜ ਸਾਲ ਵੱਡਾ ਹੈ। ਮੈਂ ਉਸ ਨਾਲ ਪਹਿਲਾਂ ਕਦੇ ਖੇਡਾਂ ਬਾਰੇ ਗੱਲ ਨਹੀਂ ਕੀਤੀ। ਉਸ ਨੇ ਕਿਹਾ ਕਿ ਖੇਲੋ ਇੰਡੀਆ ਯੂਥ ਗੇਮਜ਼ ’ਚ ਰੂਪਾ ਹਾਂਗੰਡੀ ਦੀ ਸਫਲਤਾ ਬਾਰੇ ਜਾਣਨ ਤੋਂ ਬਾਅਦ ਹੀ ਮੈਨੂੰ ਲੱਗਾ ਕਿ ਮੈਨੂੰ ਵੀ ਵੇਟਲਿਫਟਿੰਗ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮਯੂਰ ਸਿੰਘਾਸਨੇ ਦੇ ਅਧੀਨ ਸਿਖਲਾਈ ਲੈ ਰਹੀ ਕਾਜੋਲ ਨੇ ਮਹਿਲਾਵਾਂ ਦੇ 40 ਕਿਲੋਗ੍ਰਾਮ ਵਰਗ ’ਚ ਕੁਲ 113 ਕਿਲੋਗ੍ਰਾਮ ਭਾਰ ਚੁੱਕ ਕੇ ਮਹਾਰਾਸ਼ਟਰ ਦੀ ਤਮਗਾ ਸੂਚੀ ’ਚ ਸਿਖਰ ਵੱਲ ਵਧਣ ਲਈ ਕਦਮ ਚੁੱਕਿਆ। ਕਾਜੋਲ ਸਨੈਚ ’ਚ ਸਿਰਫ਼ 50 ਕਿਲੋਗ੍ਰਾਮ ਹੀ ਹਾਸਲ ਕਰ ਸਕੀ ਅਤੇ ਆਪਣੀ ਤੀਜੀ ਕੋਸ਼ਿਸ਼ ’ਚ ਉਹ ਆਸਾਮ ਦੀ ਰੇਖਾਮੋਨੀ ਗੋਗੋਈ ਤੋਂ ਪਿੱਛੇ ਰਹਿ ਗਈ, ਜਿਸ ਨੇ ਕਲੀਨ ਐਂਡ ਜ਼ਰਕ ’ਚ ਉਸ ਤੋਂ ਦੋ ਕਿਲੋਗ੍ਰਾਮ ਵੱਧ ਭਾਰ ਚੁੱਕਿਆ। ਇਸ ਤੋਂ ਬਾਅਦ ਰੂਪਾ ਕਲੀਨ ਐਂਡ ਜ਼ਰਕ ’ਚ 60 ਕਿਲੋਗ੍ਰਾਮ ਅਤੇ 63 ਕਿਲੋਗ੍ਰਾਮ ਭਾਰ ਚੁੱਕ ਕੇ ਪੋਡੀਅਮ ਦੇ ਸਿਖਰ ’ਤੇ ਪਹੁੰਚ ਗਈ।