ਕਰਵਾ ਚੌਥ ਦੇ ਵਰਤ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਪੰਚਾਂਗ ਅਨੁਸਾਰ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ। ਇਸ ਵਾਰ ਇਹ ਵਰਤ 13 ਅਕਤੂਬਰ ਦਿਨ ਵੀਰਵਾਰ ਨੂੰ ਰੱਖਿਆ ਜਾਵੇਗਾ। ਕਰਵਾ ਚੌਥ ਦਾ ਵਰਤ ਪਤੀ-ਪਤਨੀ ਦੇ ਅਟੁੱਟ ਪਿਆਰ ਦਾ ਤਿਉਹਾਰ ਹੁੰਦਾ ਹੈ। ਇਸ ਦਿਨ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਲਈ ਸਾਰਾ ਦਿਨ ਵਰਤ ਰੱਖਦੀ ਹੈ। ਪਤਨੀ ਸਾਰਾ ਦਿਨ ਪਾਠ ਪੂਜਾ ਕਰਦੀ ਹੈ ਅਤੇ ਰੱਬ ਤੋਂ ਆਪਣੇ ਪਤੀ ਦੀ ਸਲਾਮਤੀ ਦੀ ਦੁਆ ਮੰਗਦੀ ਹੈ।
ਹਿੰਦੂ ਔਰਤਾਂ ਦੁਆਰਾ ਕਾਰਤਿਕ ਦੇ ਮਹੀਨੇ ਵਿੱਚ ਪੂਰਨਿਮਾ ਦੇ ਚੌਥੇ ਦਿਨ ਕਰਵਾ ਚੌਥ ਤਿਉਹਾਰ ਮਨਾਇਆ ਜਾਂਦਾ ਹੈ। ਇਸ ਲਈ ਮਹਿਲਾਵਾਂ ਵੱਲੋਂ ਸ਼ਿੰਗਾਰ ਵੀ ਕੀਤਾ ਜਾਂਦਾ ਹੈ। ਇਸ ਵਰਤ ਲਈ ਸੱਸ ਵੱਲੋਂ ਅਪਣੀ ਨੂੰਹ ਨੂੰ ਸਰਗੀ ਦਿੱਤੀ ਜਾਂਦੀ ਹੈ। ਫਿਰ ਵਰਤ ਰੱਖਣ ਸਮੇਂ ਸੁਹਾਗਣ ਵੱਲੋਂ ਇਸ ਸਰਗੀ ‘ਚ ਮਿਲੇ ਭੋਜਨ ਨੂੰ ਖਾ ਕੇ ਆਪਣੇ ਵਰਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਦਿਨ ਹਿੰਦੂ ਮਹਿਲਾਵਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਵਰਤ ਰੱਖਦੀਆਂ ਹਨ ਤੇ ਫਿਰ ਚੰਦਰਮਾ ਨੂੰ ਅਰਗ ਦੇ ਕੇ ਆਪਣਾ ਵਰਤ ਖੋਲ੍ਹਦੀਆਂ ਹਨ।
ਇਸ ਦਿਨ ਮਹਿਲਾਵਾਂ ਵੱਲੋਂ ਆਪਣੇ -ਆਪਣੇ ਰੀਤੀ ਰਿਵਾਜ ਅਨੁਸਾਰ ਕੱਪੜੇ ਪਾਏ ਜਾਂਦੇ ਹਨ। ਹਰ ਸੁਹਾਗਣ ਵੱਲੋਂ ਆਪਣੇ ਹੱਥਾਂ ਨੂੰ ਮਹਿੰਦੀ ਨਾਲ ਸਜਾਇਆ ਜਾਂਦਾ ਹੈ। ਇਸ ਦੇ ਨਾਲ ਹੀ ਉਹ ਚੂੜੀਆਂ ਵੀ ਪਹਿਨਦੀਆਂ ਹਨ ਕਿਉਂਕਿ ਇਹ ਵੀ ਇੱਕ ਸੁਹਾਗਣ ਦੇ ਸ਼ਿੰਗਾਰ ਦਾ ਹਿੱਸਾ ਹੁੰਦਾ ਹੈ।
ਕਰਵਾਚੌਥ ਦੇ ਵਰਤ ‘ਤੇ ਮਹਿਲਾਵਾਂ ਪੂਰਾ ਸ਼ਿੰਗਾਰ ਕਰਦੀਆਂ ਹਨ। ਬਿੰਦੀ, ਸਿੰਦੂਰ, ਚੂੜੀਆਂ, ਮੁੰਦੀਆਂ, ਹੇਅਰ ਅਸੈਸਰੀਜ਼, ਕਮਰਬੰਦ, ਪਾਇਲ, ਇਤਰ, ਬਾਜੂਬੰਦ ਅਤੇ ਹਾਰ, ਨੱਥ, ਮਾਂਗ ਟਿੱਕਾ, ਵਿਆਹੁਤਾ ਦਾ ਜੋੜਾ ਆਦਿ ਸ਼ਿੰਗਾਰ ‘ਚ ਆਉਂਦਾ ਹੈ। ਇਨ੍ਹਾਂ 16 ਚੀਜ਼ਾਂ ਨਾਲ ਸੱਜਣ ‘ਤੇ ਮਹਿਲਾਵਾਂ ਦਾ ਸ਼ਿੰਗਾਰ ਪੂਰਾ ਹੁੰਦਾ ਹੈ, ਜਿਸ ਨਾਲ ਮਹਿਲਾਵਾਂ ਦੀ ਖੂਬਸੂਰਤੀ ਨੂੰ ਚਾਰ-ਚੰਨ ਲੱਗਦੇ ਹਨ। ਸ਼ਿੰਗਾਰ ਕਰਕੇ ਮਹਿਲਾਵਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਗੌਰੀ ਮਾਂ ਦੀ ਪੂਜਾ ਕਰਦੀਆਂ ਹਨ।
ਰਾਣੀ ਵੀਰਵਤੀ ਦੀ ਕਹਾਣੀ ਤੇ ਇਸ ਵਰਤ ਦੀ ਮਹੱਤਤਾ
ਵੀਰਵਤੀ ਨਾਂ ਦੀ ਸੁੰਦਰ ਰਾਣੀ ਸੱਤ ਭਰਾਵਾਂ ਦੀ ਇਕਲੌਤੀ ਭੈਣ ਸੀ।ਉਸਨੇ ਆਪਣਾ ਪਹਿਲਾ ਕਰਵਾ ਚੌਥ ਆਪਣੇ ਪੇਕੇ ਘਰ ਰੱਖਿਆ ਸੀ। ਉਸਨੇ ਸੂਰਜ ਚੜ੍ਹਨ ਤੋਂ ਬਾਅਦ ਸਖਤ ਵਰਤ ਸ਼ੁਰੂ ਕਰ ਦਿੱਤਾ ਪਰ ਸ਼ਾਮ ਤੱਕ ਉਹ ਚੰਦਰਮਾ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ ਕਿਉਂਕਿ ਉਸਨੂੰ ਤੀਬਰ ਪਿਆਸ ਅਤੇ ਭੁੱਖ ਲੱਗੀ ਹੋਈ ਸੀ। ਉਸ ਦੇ ਸੱਤ ਭਰਾ ਆਪਣੀ ਭੈਣ ਨੂੰ ਇਸ ਪ੍ਰੇਸ਼ਾਨੀ ਵਿੱਚ ਵੇਖਣਾ ਬਰਦਾਸ਼ਤ ਨਹੀਂ ਕਰ ਸਕੇ ਅਤੇ ਉਨ੍ਹਾਂ ਨੇ ਇੱਕ ਦਰੱਖਤ ਪਿੱਛੇ ਅਜਿਹਾ ਦ੍ਰਿਸ਼ ਬਣਾ ਦਿੱਤਾ ਕਿ ਉਸ ਨੂੰ ਲੱਗਾ ਕਿ ਚੰਦਰਮਾ ਆ ਗਿਆ ਹੈ ਤੇ ਉਸ ਨੇ ਆਪਣਾ ਵਰਤ ਤੋੜ ਦਿੱਤਾ।
ਜਿਸ ਤੋਂ ਬਾਅਦ ਉਸਨੇ ਆਪਣੇ ਪਤੀ ਦੀ ਮੌਤ ਦੀ ਖਬਰ ਪ੍ਰਾਪਤ ਕੀਤੀ। ਫਿਰ ਉਹ ਰਾਤ ਭਰ ਰੋਂਦੀ ਰਹੀ। ਉਸਨੇ ਇੱਕ ਦੇਵੀ ਨੂੰ ਪ੍ਰਗਟ ਹੋਣ ਲਈ ਮਜਬੂਰ ਕੀਤਾ ਤੇ ਦੇਵੀ ਨੇ ਪੁੱਛਿਆ ਕਿ ਉਹ ਕਿਉਂ ਰੋ ਰਹੀ ਹੈ। ਜਦੋਂ ਰਾਣੀ ਨੇ ਆਪਣੀ ਪ੍ਰੇਸ਼ਾਨੀ ਬਾਰੇ ਦੱਸਿਆ, ਦੇਵੀ ਨੇ ਦੱਸਿਆ ਕਿ ਕਿਵੇਂ ਉਸ ਨੂੰ ਉਸਦੇ ਭਰਾਵਾਂ ਨੇ ਧੋਖਾ ਦਿੱਤਾ ਸੀ, ਜਿਸ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। ਫਿਰ ਦੇਵੀ ਨੇ ਉਸਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਪੂਰੀ ਸ਼ਰਧਾ ਨਾਲ ਕਰਵਾ ਚੌਥ ਦੁਹਰਾਏ। ਜਦੋਂ ਵੀਰਵਤੀ ਨੇ ਵਰਤ ਨੂੰ ਦੁਹਰਾਇਆ, ਤਾਂ ਯਮ ਨੂੰ ਆਪਣੇ ਪਤੀ ਨੂੰ ਦੁਬਾਰਾ ਤੋਂ ਜੀਵਤ ਕਰਨ ਲਈ ਮਜਬੂਰ ਕਰ ਦਿੱਤਾ। ਇਸ ਪ੍ਰਕਾਰ ਯਮ ਨੇ ਉਸਦੇ ਪਤੀ ਨੂੰ ਦੁਬਾਰਾ ਤੋਂ ਜੀਵਤ ਕਰ ਦਿੱਤਾ। ਇਸ ਪ੍ਰਕਾਰ ਉਸ ਸਮੇਂ ਤੋਂ ਹੀ ਮਹਿਲਾਵਾਂ ਇਹ ਵਰਤ ਰੱਖ ਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।