ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ ਨੇ ਪਰਲ ਗਰੁੱਪ ਦੇ ਡਾਇਰੈਕਟਰ ਨੂੰ ਮੁੰਬਈ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ
ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐਲ.) ਮਾਮਲੇ ਵਿੱਚ ਸਨਰਜੀਵਨ ਇਨਫਰਾਸਟਰੱਕਚਰ ਐਂਡ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਦੇ ਭਗੌੜੇ ਡਾਇਰੈਕਟਰ ਪ੍ਰਸ਼ਾਂਤ ਮਾਂਜਰੇਕਰ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਉਹ ਮੁੰਬਈ ਤੋਂ ਦੁਬਈ ਭੱਜਣ ਦੀ ਤਿਆਰੀ ਕਰ ਰਿਹਾ ਸੀ।
ਕੰਪਨੀ ਦੀ ਕਿਸੇ ਵੀ ਜਾਇਦਾਦ ਨੂੰ ਵੇਚਣ ’ਤੇ ਪਾਬੰਦੀ
ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਪਿੰਡ ਘੋਲੂਮਾਜਰਾ ਤਹਿਸੀਲ ਡੇਰਾਬੱਸੀ ਜਿਲਾ ਐਸ.ਏ.ਐਸ.ਨਗਰ ਵਿਖੇ ਪੀ.ਏ.ਸੀ.ਐਲ ਦੀਆਂ ਜਾਇਦਾਦਾਂ ਦੀ ਗੈਰ-ਕਾਨੂੰਨੀ ਵਿਕਰੀ ਕਰਨ ਦੇ ਸਬੰਧ ਵਿੱਚ ਪੁਲਿਸ ਥਾਣਾ ਸਦਰ ਸਿਟੀ ਜ਼ੀਰਾ ਜਿਲਾ ਫ਼ਿਰੋਜ਼ਪੁਰ ਵਿਖੇ ਦਰਜ ਐਫਆਈਆਰ ਵਿੱਚ ਭਗੌੜਾ ਸੀ। ਮੁਲਜ਼ਮਾਂ ਨੂੰ ਪਤਾ ਸੀ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਪਿੰਡ ਘੋਲੂਮਾਜਰਾ ਅਤੇ ਹੋਰ ਥਾਵਾਂ ’ਤੇ ਪੀ.ਏ.ਸੀ.ਐਲ ਕੰਪਨੀ ਦੀ ਕਿਸੇ ਵੀ ਜਾਇਦਾਦ ਨੂੰ ਵੇਚਣ ’ਤੇ ਪਾਬੰਦੀ ਲਾ ਦਿੱਤੀ ਹੈ।
ਇਹ ਵੀ ਪੜ੍ਹੋ: ਖੰਨਾ ‘ਚ ਨੈਸ਼ਨਲ ਹਾਈਵੇਅ ‘ਤੇ ਬਾਈਕ ਤੇ ਕਾਰ ਦੀ ਭਿਆਨਕ ਟੱਕਰ, ਦੋ ਜ਼ਖ਼ਮੀ
ਫੈਨੋਮੀਨਲ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਸਨਰੰਜੀਵਨ ਇਨਫਰਾਸਟਰੱਕਚਰ ਐਂਡ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਅਤੇ ਪ੍ਰਮੋਟਰਾਂ ਨੇ ਹੋਰਨਾਂ ਨਾਲ ਮਿਲ ਕੇ ਸਾਲ 2018-19 ਵਿੱਚ ਪਿੰਡ ਘੋਲੂਮਾਜਰਾ ਵਿੱਚ ਪੀ.ਏ.ਸੀ.ਐਲ. ਦਾ ਗਠਨ ਕੀਤਾ ਸੀ। ਅਦਾਲਤ ਵੱਲੋਂ ਵਿਵਾਦਤ ਘੋਸ਼ਿਤ 115 ਵਿੱਘੇ ਜ਼ਮੀਨ ‘ਤੇ ਬੇਲਾ ਵਿਸਟਾ-01 ਅਤੇ ਬੇਲਾ ਵਿਸਟਾ-02 ਨਾਂ ਦੀਆਂ ਦੋ ਕਲੋਨੀਆਂ ਵਿਕਸਤ ਕੀਤੀਆਂ ਗਈਆਂ ਸਨ। ਮੁਲਜ਼ਮ ਡਿਵੈਲਪਰਾਂ ਨੇ ਦੋਵਾਂ ਕਲੋਨੀਆਂ ਵਿੱਚ ਲੋਕਾਂ ਨੂੰ ਪਲਾਟ ਅਤੇ ਮਕਾਨ ਵੇਚ ਕੇ ਮੋਟੀ ਕਮਾਈ ਕੀਤੀ। ਜਿਸ ਕਾਰਨ ਵਿਜੀਲੈਂਸ ਬਿਊਰੋ ਵੱਲੋਂ ਉਕਤ ਕੰਪਨੀਆਂ ਦੇ ਪ੍ਰਮੋਟਰਾਂ ਨੂੰ ਉਕਤ ਮਾਮਲੇ ਨਾਲ ਜੋੜਿਆ ਗਿਆ।
ਪੰਜਾਬ ਸਰਕਾਰ ਨੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦਾ ਕੀਤਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਪੀ.ਏ.ਸੀ.ਐਲ. ਦੀਆਂ ਜਾਇਦਾਦਾਂ ਨੂੰ ਵੇਚਿਆ ਜਾਵੇਗਾ ਅਤੇ ਵਿਕਰੀ ਤੋਂ ਹੋਣ ਵਾਲੀ ਕਮਾਈ ਉਨ੍ਹਾਂ ਨਿਵੇਸ਼ਕਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ, ਜਿਨ੍ਹਾਂ ਨੇ ਕੰਪਨੀ ਦੁਆਰਾ ਪੇਸ਼ ਕੀਤੀ ਗਈ ਸਮੂਹਿਕ ਨਿਵੇਸ਼ ਯੋਜਨਾ ਵਿੱਚ ਆਪਣੀ ਮਿਹਨਤ ਦੀ ਕਮਾਈ ਦਾ ਨਿਵੇਸ਼ ਕੀਤਾ ਸੀ। ਇਸ ਦੇ ਲਈ ਜਸਟਿਸ (ਸੇਵਾਮੁਕਤ) ਆਰ.ਐਮ. ਲੋਢਾ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾਈ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਦਾ ਟਰਾਂਜ਼ਿਟ ਰਿਮਾਂਡ ਲੈ ਲਿਆ ਗਿਆ ਹੈ ਅਤੇ ਉਸ ਨੂੰ ਪੰਜਾਬ ਦੀ ਸਬੰਧਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਪਰਲ ਗਰੁੱਪ ‘ਤੇ ਧੋਖਾਧੜੀ ਕਰਨ ਦਾ ਦੋਸ਼
ਪਰਲ ਗਰੁੱਪ ‘ਤੇ 5.50 ਕਰੋੜ ਨਿਵੇਸ਼ਕਾਂ ਨੂੰ 60 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ ਕਿ ਉਨ੍ਹਾਂ ਨੇ ਦੇਸ਼ ਭਰ ‘ਚ 5.50 ਕਰੋੜ ਲੋਕਾਂ ਦੀ ਜਾਇਦਾਦ ‘ਚ ਨਿਵੇਸ਼ ਕੀਤਾ। ਇਸ ਤੋਂ ਕਰੀਬ 60 ਹਜ਼ਾਰ ਕਰੋੜ ਰੁਪਏ ਦੀ ਕਮਾਈ ਹੋਈ। ਨਿਵੇਸ਼ਕਾਂ ਨੂੰ ਫਰਜ਼ੀ ਅਲਾਟਮੈਂਟ ਪੱਤਰ ਦਿੱਤੇ ਗਏ। ਫਿਰ ਕੰਪਨੀ ਨੇ ਇਹ ਪੈਸਾ ਹੜੱਪ ਲਿਆ।
ਮਾਨ ਨੇ ਲੋਕ ਸਭਾ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਸੀ, ਇਸਤੋਂ ਪਹਿਲਾਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ। ਇਸ ਦੌਰਾਨ ਉਨ੍ਹਾਂ ਨੇ ਪਰਲ ਗਰੁੱਪ ਦੀ ਧੋਖਾਧੜੀ ਦਾ ਮੁੱਦਾ ਸੰਸਦ ‘ਚ ਉਠਾਇਆ। ਹੁਣ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਉਮੀਦ ਹੈ ਕਿ ਸੀਐਮ ਬਣਨ ਤੋਂ ਬਾਅਦ ਭਗਵੰਤ ਮਾਨ ਉਨ੍ਹਾਂ ਦੇ ਪੈਸੇ ਵਾਪਿਸ ਕਰਵਾ ਦੇਣਗੇ। ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਨੂੰ ਜਨਵਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।