ਭਾਜਪਾ ਨੇਤਾ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਕਤਲ ਕੇਸ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਦੀ ਜਾਂਚ ਹੁਣ ਸੀਬੀਆਈ ਕਰੇਗੀ। ਇਸ ਬਾਰੇ ਗੋਆ ਦੇ ਸੀਐਮ ਦਾ ਬਿਆਨ ਆਇਆ ਹੈ। ਲੰਬੇ ਸਮੇਂ ਤੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ। ਹਰਿਆਣਾ ਸਰਕਾਰ ਨੇ ਪੱਤਰ ਵੀ ਲਿਖਿਆ ਸੀ। ਹੁਣ ਇਸ ਮਾਮਲੇ ‘ਚ ਵੱਡੇ ਰਾਜ਼ ਸਾਹਮਣੇ ਆ ਸਕਦੇ ਹਨ।
ਸੋਨਾਲੀ ਫੋਗਾਟ ਹੱਤਿਆਕਾਂਡ ‘ਚ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਇਸ ਮਾਮਲੇ ‘ਚ 23 ਸਤੰਬਰ ਤਕ ਦਾ ਅਲਟੀਮੇਟਮ ਦਿੱਤਾ ਸੀ ਤੇ 24 ਸਤੰਬਰ ਤੋਂ ਸੂਬਾ ਪੱਧਰੀ ਅੰਦੋਲਨ ਦੀ ਚਿਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਗੋਆ ਸਰਕਾਰ ਨੂੰ ਇਸ ਮੁੱਦੇ ‘ਤੇ ਦੂਜੀ ਸੀਬੀਆਈ ਜਾਂਚ ਦੀ ਬੇਨਤੀ ਕੀਤੀ ਸੀ। ਉਸ ਨੇ ਬੀਤੇ ਦਿਨ ਵੀ ਬਿਆਨ ਦਿੱਤਾ ਸੀ ਕਿ ਜੇਕਰ ਪਰਿਵਾਰ ਗੋਆ ਪੁਲਿਸ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹੈ ਤਾਂ ਗੋਆ ਸਰਕਾਰ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦੇਵੇਗੀ।
ਸੋਨਾਲੀ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਤੇ ਸੁਖਵਿੰਦਰ ਖਿਲਾਫ਼ ਇਸ ਮਾਮਲੇ ‘ਚ ਹੱਤਿਆ ਦਾ ਦੋਸ਼ ਲੱਗਾ ਸੀ ਤੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ‘ਚ ਗੋਆ ਪੁਲਿਸ ਹੁਣ ਤਕ ਤਿੰਨ ਵਾਰ ਦੋਵਾਂ ਦੋਸ਼ੀਆਂ ਨੂੰ ਰਿਮਾਂਡ ‘ਤੇ ਲੈ ਚੁੱਕੀ ਹੈ ਤੇ ਕੁੱਲ 14 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਗੋਆ ਪੁਲਿਸ ਦੋਸ਼ੀਆਂ ਤੋਂ ਕੀ ਉਗਲਵਾ ਚੁੱਕੀ ਹੈ, ਇਸ ਬਾਰੇ ਕੁਝ ਵੀ ਕਹਿਣ ਤੋਂ ਸਾਫ ਤੌਰ ‘ਤੇ ਟਾਲ-ਮਟੋਲ ਕਰ ਰਹੀ ਹੈ।
ਦੂਜੇ ਪਾਸੇ ਹਿਸਾਰ ‘ਚ ਸੋਨਾਲੀ ਦੇ ਪਰਿਵਾਰਕ ਮੈਂਬਰ ਇਸ ਮੁੱਦੇ ‘ਤੇ ਗੋਆ ਪੁਲਿਸ ਦੀ ਜਾਂਚ ‘ਤੇ ਸਵਾਲ ਚੁੱਕਦੇ ਹੋਏ ਸੀਬੀਆਈ ਜਾਂਚ ਦੀ ਮੰਗ ਕਰ ਚੁੱਕੇ ਹਨ। ਇਸ ਸੰਦਰਭ ‘ਚ ਉਨ੍ਹਾਂ ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਸਿੱਧਾ ਪੱਤਰ ਲਿਖਿਆ ਹੈ।
ਖ਼ੁਦ ਸੋਨਾਲੀ ਦੀ ਬੇਟੀ ਯਸ਼ੋਧਰਾ ਨੇ ਇਸ ਮਾਮਲੇ ‘ਚ ਟਵੀਟ ਕਰ ਕੇ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਹੈ। ਪਰ ਹੁਣ ਤਕ ਗੋਆ ਸਰਕਾਰ ਇਸ ਮੁੱਦੇ ‘ਤੇ ਕੁਝ ਵੀ ਕਹਿਣ ਤੋਂ ਟਾਲਾ ਵੱਟ ਰਹੀ ਸੀ ਪਰ ਐਤਵਾਰ ਨੂੰ ਇਸ ਮਾਮਲੇ ‘ਚ ਖਾਪ ਪੰਚਾਇਤਾਂ ਦੇ ਦਖ਼ਲ ਤੋਂ ਬਾਅਦ ਹਰਿਆਣਾ ਤੇ ਗੋਆ ਦੀਆਂ ਸਰਕਾਰਾਂ ਨੂੰ ਡਰ ਸੀ ਕਿ ਮਾਮਲਾ ਹੋਰ ਵਿਗੜ ਜਾਵੇਗਾ, ਜਿਸ ਕਾਰਨ ਇਹ ਮਾਮਲਾ ਅਚਾਨਕ ਸੀਬੀਆਈ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮਾਮਲੇ ‘ਚ ਚਾਰਜਸ਼ੀਟ ਦਾਇਰ ਹੋਣੀ ਬਾਕੀ ਹੈ ਤੇ ਇਸ ਦੇ ਲਈ ਗੋਆ ਪੁਲਿਸ ਚੰਡੀਗੜ੍ਹ ਲੈਬ ਤੋਂ ਫੋਰੈਂਸਿਕ ਰਿਪੋਰਟ ਦੀ ਉਡੀਕ ਕਰ ਰਹੀ ਸੀ।