ਗਾਇਕਾ ਜਸਲੀਨ ਰਾਇਲ ਨੇ ਬੰਬੇ ਹਾਈ ਕੋਰਟ ਚ ਗਾਇਕ ਗੁਰੂ ਰੰਧਾਵਾ ਖਿਲਾਫ ਕਰਵਾਇਆ ਕੇਸ ਦਰਜ
ਗਾਇਕਾ ਜਸਲੀਨ ਰਾਇਲ ਨੇ ਬੰਬੇ ਹਾਈ ਕੋਰਟ ਵਿੱਚ ਇੱਕ ਕੇਸ ਦਾਇਰ ਕੀਤਾ ਹੈ, ਜਿਸ ਵਿੱਚ ਉਸਨੇ ਟੀ-ਸੀਰੀਜ਼, ਗੀਤਕਾਰ ਰਾਜ ਰਣਜੋਧ ਅਤੇ ਗਾਇਕ ਗੁਰੂ ਰੰਧਾਵਾ ‘ਤੇ ਬਿਨਾਂ ਇਜਾਜ਼ਤ ਉਸ ਦੇ ਗੀਤ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਮਾਮਲਾ ‘ਜੀ ਥਿੰਗ’ ਐਲਬਮ ਦੇ ਗੀਤ ‘ਆਲ ਰਾਈਟ’ ਦਾ ਹੈ। ਜਸਲੀਨ ਦਾ ਕਹਿਣਾ ਹੈ ਕਿ ਇਹ ਗੀਤ ਉਸ ਦੀ ਸਹਿਮਤੀ ਤੋਂ ਬਿਨਾਂ ਰਿਲੀਜ਼ ਕੀਤਾ ਗਿਆ ਸੀ ਅਤੇ ਇਸ ਵਿੱਚ ਉਸ ਦਾ ਅਸਲੀ ਸੰਗੀਤ ਵਰਤਿਆ ਗਿਆ ਹੈ।
ਇਹ ਵੀ ਪੜ੍ਹੋ- ਪੈਰਿਸ ਪੈਰਾ ਉਲੰਪਿਕ ਦੇ ਤਮਗਾ ਜੇਤੂਆਂ ਨੇ ਪੀ.ਐੱਮ ਮੋਦੀ ਨਾਲ ਮੁਲਾਕਾਤ ਕੀਤੀ
‘ਦੈਨਿਕ ਭਾਸਕਰ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਗੁਰੂ ਰੰਧਾਵਾ ਨੇ ਕਿਹਾ, ‘ਜਸਲੀਨ ਦਾ ਮਾਮਲਾ ਅਸਲ ‘ਚ ਸਾਡੇ ਭਰਾ ਰਾਜ ਰਣਜੋਧ ਦਾ ਹੈ, ਜਿਸ ਨੇ ਮੈਨੂੰ ਇਕ ਗੀਤ ਦਿੱਤਾ ਸੀ, ਜੋ ਉਹ ਜਸਲੀਨ ਨਾਲ ਪਹਿਲਾਂ ਹੀ ਕਰ ਚੁੱਕਾ ਹੈ। ਆਮ ਤੌਰ ‘ਤੇ ਗੀਤ ਮੈਂ ਖੁਦ ਲਿਖਦਾ ਅਤੇ ਕੰਪੋਜ਼ ਕਰਦਾ ਹਾਂ, ਪਰ ਮੈਨੂੰ ਇਹ ਗੀਤ ਬਹੁਤ ਪਸੰਦ ਆਇਆ ਅਤੇ ਇਸ ਲਈ ਮੈਂ ਉਸ ਤੋਂ ਇਹ ਗੀਤ ਲਿਆ।
ਕੀ ਹੈ ਸਾਰਾ ਮਾਮਲਾ
ਜਸਲੀਨ ਰਾਇਲ ਦੇ ਅਨੁਸਾਰ, ਉਸਨੇ 2022 ਵਿੱਚ ਅਜੇ ਦੇਵਗਨ ਦੀ ਫਿਲਮ ‘ਰਨਵੇਅ 34’ ਦੇ ਪ੍ਰਮੋਸ਼ਨਲ ਈਵੈਂਟ ਲਈ ਕੁਝ ਮੂਲ ਸੰਗੀਤ ਤਿਆਰ ਕੀਤਾ ਸੀ। ਉਸ ਨੇ ਇਸ ਸੰਗੀਤ ਨੂੰ ਗੀਤਕਾਰ ਰਾਜ ਰਣਜੋਧ ਨਾਲ ਆਡੀਓ-ਵੀਡੀਓ ਕਾਲਾਂ ਅਤੇ ਸੰਦੇਸ਼ਾਂ ਰਾਹੀਂ ਸਾਂਝਾ ਕੀਤਾ। ਬਾਅਦ ਵਿੱਚ, ਉਸੇ ਰਚਨਾ ਦਾ ਇੱਕ ਗੀਤ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਗੁਰੂ ਰੰਧਾਵਾ ਦੀ ਆਵਾਜ਼ ਹੈ ਅਤੇ ਟੀ-ਸੀਰੀਜ਼ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਵਜ੍ਹਾ ਨਾਲ ਟੀ-ਸੀਰੀਜ਼, ਰਾਜ ਰਣਜੋਧ ਅਤੇ ਗੁਰੂ ਰੰਧਾਵਾ ਦੇ ਨਾਂ ਇਸ ਵਿਵਾਦ ਵਿੱਚ ਆ ਗਏ ਹਨ।
ਜਸਲੀਨ ਮੁਤਾਬਕ ਦਸੰਬਰ 2023 ‘ਚ ਉਸ ਨੂੰ ਪਤਾ ਲੱਗਾ ਕਿ ਟੀ-ਸੀਰੀਜ਼ ਨੇ ‘ਆਲ ਰਾਈਟ’ ਨਾਂ ਦਾ ਗੀਤ ਰਿਲੀਜ਼ ਕੀਤਾ ਹੈ, ਜਿਸ ਦੀ ਆਵਾਜ਼ ਗੁਰੂ ਰੰਧਾਵਾ ਦੀ ਹੈ ਅਤੇ ਗੀਤਕਾਰ ਰਾਜ ਰਣਜੋਧ ਹਨ। ਜਸਲੀਨ ਦਾ ਕਹਿਣਾ ਹੈ ਕਿ ਇਸ ਗੀਤ ਦਾ ਸੰਗੀਤ ਉਹੀ ਹੈ ਜੋ ਉਸ ਨੇ ਰਾਜ ਨਾਲ ਸਾਂਝਾ ਕੀਤਾ ਹੈ। ਉਸ ਨੂੰ ਉਮੀਦ ਸੀ ਕਿ ਇਸ ਗੀਤ ਦਾ ਸਿਹਰਾ ਉਸ ਨੂੰ ਮਿਲੇਗਾ, ਪਰ ਅਜਿਹਾ ਨਹੀਂ ਹੋਇਆ।