ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ 2 ਤੋਂ 5 ਜੂਨ ਤੱਕ ਕਰਵਾਏ ਜਾਣਗੇ ਦਰਸ਼ਨ

0
122

ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਇਸ ਵਾਰ ਵੀ 2 ਜੂਨ ਤੋਂ 5 ਜੂਨ ਤੱਕ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਇਸ ਪਾਵਨ ਸਰੂਪ ਦੇ ਬੀਤੇ ਸਾਲ ਪਹਿਲੀ ਵਾਰ ਸੰਗਤ ਨੂੰ ਦਰਸ਼ਨ ਕਰਵਾਏ ਗਏ ਸਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜੂਨ 1984 ਦਾ ਫ਼ੌਜੀ ਹਮਲਾ ਸਿੱਖ ਮਾਨਸਿਕਤਾ ਦਾ ਸਦੀਵ ਹਿੱਸਾ ਬਣ ਚੁੱਕਾ ਹੈ ਅਤੇ ਹਰ ਸਾਲ ਜੂਨ ਮਹੀਨਾ ਚੜ੍ਹਦਿਆਂ ਹੀ ਸਿੱਖ ਕੌਮ ਦੇ ਇਹ ਅੱਲ੍ਹੇ ਜ਼ਖ਼ਮ ਰਿਸਣ ਲੱਗਦੇ ਹਨ। ਉਨ੍ਹਾਂ ਕਿਹਾ ਕਿ ਇਸ ਫ਼ੌਜੀ ਹਮਲੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਪਾਵਨ ਸਰੂਪ ਨੂੰ ਗੋਲੀ ਨਾਲ ਜ਼ਖ਼ਮੀ ਕਰ ਦਿੱਤਾ ਗਿਆ ਸੀ, ਜਿਸ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪਾਵਨ ਸਰੂਪ ਨੂੰ 2 ਜੂਨ ਤੋਂ 5 ਜੂਨ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਸੁਸ਼ੋਭਿਤ ਕੀਤਾ ਜਾਵੇਗਾ। ਇਨ੍ਹਾਂ 4 ਦਿਨਾਂ ਵਿਚ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਪਾਵਨ ਸਰੂਪ ਦੇ ਦਰਸ਼ਨ ਕਰ ਸਕਣਗੀਆਂ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ’ਤੇ 6 ਜੂਨ ਦੇ ਸ਼ਹੀਦੀ ਸਮਾਗਮ ਨੂੰ ਕੌਮੀ ਇਕਜੁਟਤਾ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਦਿਹਾੜਾ ਸਿੱਖ ਕੌਮ ਲਈ ਕਦੇ ਨਾ ਭੁਲਾਇਆ ਜਾਣ ਵਾਲਾ ਦੁਖਾਂਤ ਹੈ ਅਤੇ ਇਸ ਮੌਕੇ ’ਤੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਸਮੇਂ ਸੰਜੀਦਗੀ, ਸੁਹਿਰਦਤਾ ਅਤੇ ਗਹਿਰ-ਗੰਭੀਰਤਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਮੁੱਚੀਆਂ ਸਿੱਖ ਜਥੇਬੰਦੀਆਂ ਤੇ ਸੰਗਤਾਂ ਨੂੰ 6 ਜੂਨ ਦਾ ਸ਼ਹੀਦੀ ਸਮਾਗਮ ਪੰਥਕ ਇਕਜੁਟਤਾ ਨਾਲ ਮਨਾਉਣ ਦਾ ਸੱਦਾ ਦਿੱਤਾ।

LEAVE A REPLY

Please enter your comment!
Please enter your name here