ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੌਕੇ ’ਤੇ ਕੌਮ ਦੇ ਨਾਮ ’ਤੇ ਸੰਦੇਸ਼ ਦਿੱਤਾ ਗਿਆ। ਜਥੇਦਾਰ ਨੇ ਇਸ ਮੌਕੇ ਆਈ ਹੋਈ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਾਰਮਿਕ ਤੌਰ ’ਤੇ ਮਜ਼ਬੂਤ ਹੋਣਾ ਪਵੇਗਾ। 1947 ਤੋਂ ਲੈ ਕੇ ਹੀ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਸ਼ੇਰਾਂ ਦੀ ਕੌਮ ਹੈ।
ਜਥੇਦਾਰ ਨੇ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਏ.ਸੀ. ਕਮਰਿਆਂ ਵਿਚੋਂ ਬਾਹਰ ਨਿਕਲ ਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦੀ ਜ਼ਰੂਰਤ ਹੈ। 6 ਜੂਨ 1984 ਨੂੰ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ‘ਤੇ ਅੱਜ ਦੇ ਦਿਨ ਹੋਏ ਹਮਲੇ ਨੂੰ ਅੱਜ ਵੀ ਲੋਕ ਯਾਦ ਕਰਕੇ ਕੰਬਦੇ ਹਨ।
ਕੌਮ ਦੇ ਨਾਂ ’ਤੇ ਸਦੇਸ਼ ਦਿੰਦੇ ਸਮੇਂ ਜਥੇਦਾਰ ਹਰਪ੍ਰੀਤ ਸਿੰਘ ਨੇ ਮੁੜ ਮਾਡਰਨ ਹਥਿਆਰਾਂ ਦੀ ਗੱਲ ਕੀਤੀ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਹਰੇਕ ਸਿੱਖ ਨੂੰ ਗਤਕਾ ਅਤੇ ਸ਼ਸਤਰ ਵਿਦਿਆ ਹਾਸਿਲ ਕਰਨ ਦੀ ਲੋੜ ਹੈ। ਸਾਰੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਸ਼ਸਤਰ ਵਿਦਿਆ ਜ਼ਰੂਰ ਹਾਸਲ ਕਰਨ। ਜਥੇਦਾਰ ਨੇ ਇਸ ਮੌਕੇ ਸ਼ੂਟਿੰਗ ਰੇਂਜ ਬਣਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਸ਼ਸ਼ਤਰ ਚਲਾਉਣ ਦੀ ਸਿਖਲਾਈ ਦਿੱਤੀ ਜਾਵੇਗੀ।