ਯੁਵਾ ਭਾਰਤੀ ਨਿਸ਼ਾਨੇਬਾਜ਼ ਅਰਜੁਨ ਬਬੂਤਾ ਨੇ ਸੋਮਵਾਰ ਨੂੰ ਇੱਥੇ ਆਈ. ਐੱਸ. ਐੱਸ. ਐੱਫ਼. ਵਿਸ਼ਵ ਕੱਪ ਦੀ ਪੁਰਸ਼ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਦੇਸ਼ ਲਈ ਸੋਨ ਤਮਗ਼ਾ ਜਿੱਤਿਆ ਹੈ। ਸੋਨ ਤਮਗ਼ੇ ਦੇ ਮੁਕਾਬਲੇ ‘ਚ ਅਰਜੁਨ ਨੇ ਟੋਕੀਓ ਓਲੰਪਿਕ ਦੇ ਚਾਂਦੀ ਦਾ ਤਮਗ਼ਾ ਜੇਤੂ ਲੁਕਾਸ ਕੋਜੇਂਸਕੀ ਨੂੰ 17-9 ਨਾਲ ਹਰਾਇਆ।
ਪੰਜਾਬ ਦੇ 23 ਸਾਲ ਦੇ ਅਰਜੁਨ 2016 ਤੋਂ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਰੈਂਕਿੰਗ ਮੁਕਾਬਲੇ ‘ਚ 661.1 ਅੰਕ ਦੇ ਨਾਲ ਚੋਟੀ ‘ਤੇ ਰਹਿੰਦੇ ਹੋਏ ਸੋਨ ਤਮਗ਼ੇ ਦੇ ਮੁਕਾਬਲੇ ‘ਚ ਜਗ੍ਹਾ ਬਣਾਉਣ ‘ਚ ਸਫਲ ਰਹੇ ਸਨ। ਇਹ ਅਰਜੁਨ ਦਾ ਸੀਨੀਅਰ ਟੀਮ ਦੇ ਨਾਲ ਪਹਿਲਾ ਸੋਨ ਤਮਗ਼ਾ ਹੈ।
ਉਨ੍ਹਾਂ ਨੇ ਅਜਰਬੈਜਾਨ ਦੇ ਗਬਾਲਾ ‘ਚ 2016 ਜੂਨੀਅਰ ਵਿਸ਼ਵ ਕੱਪ ‘ਚ ਸੋਨ ਤਮਗ਼ਾ ਜਿੱਤਿਆ ਸੀ। ਮੁਕਾਬਲੇ ‘ਚ ਹਿੱਸਾ ਲੈ ਰਹੇ ਇਕ ਹੋਰ ਭਾਰਤੀ ਪਾਰਥ ਮਖੀਜਾ 258.1 ਅੰਕ ਦੇ ਨਾਲ ਚੌਥੇ ਸਥਾਨ ‘ਤੇ ਰਹੇ। ਇਜ਼ਰਾਈਲ ਦੇ 33 ਸਾਲ ਦੇ ਸਰਗੇਈ ਰਿਕਟਰ 259.9 ਅੰਕ ਦੇ ਨਾਲ ਤੀਜੇ ਸਥਾਨ ‘ਤੇ ਰਹੇ।