ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਪਾਕਿਸਤਾਨ) ਜੱਥਾ ਭੇਜੇ ਜਾਣ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਹ ਪ੍ਰਗਟਾਵਾ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਕੀਤੀ ਮੀਟਿੰਗ ਦੌਰਾਨ ਕੀਤਾ।
ਜਥੇਦਾਰ ਕਰਤਾਪੁਰ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦਾ ਜਥਾ ਪਾਕਿਸਤਾਨ ਭੇਜਣ ਲਈ ਸ਼ੋ੍ਰਮਣੀ ਕਮੇਟੀ ਨੇ ਸੰਗਤਾਂ ਤੋਂ ਅਰਜ਼ੀਆਂ ਮੰਗੀਆਂ ਹਨ ਅਤੇ ਇੱਛੁਕ ਸੰਗਤਾਂ ਆਪਣੇ ਦਸਤਾਵੇਜ਼ ਅਤੇ ਪਾਸਪੋਰਟ ਮਿੱਥੀ ਮਿਆਦ ਤੋਂ ਪਹਿਲਾਂ ਜਮਾਂ ਕਰਵਾਉਣ ਤਾਂ ਹੀ ਗੁਰੂ ਘਰ ਦੇ ਦਰਸ਼ਨ ਦੀਦਾਰ ਹੋ ਸਕਦੇ ਹਨ।
ਮੀਟਿੰਗ ਦੌਰਾਨ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਦੱਸਿਆ ਕਿ ਸਰਕਾਰ ਹਰ ਭੇਜੇ ਜਾਣ ਵਾਲੇ ਯਾਤਰੂਆਂ ਦੇ ਪਾਸਪੋਰਟ ਦੀ ਪੂਰੀ ਜਾਂਚ ਕਰਦੀ ਹੈ ਇਸ ਲਈ ਮੁਕੰਮਲ ਵੇਰਵਿਆਂ ਨਾਲ ਹਰ ਯਾਤਰੀ ਸਹੀ ਅਤੇ ਪੁਖਤਾ ਦਸਤਾਵੇਜ਼ ਭੇਜੇ ਤਾਂ ਕਿ ਸਿੱਖ ਯਾਤਰੂਆਂ ਨੂੰ ਪਹਿਲ ਮਿਲ ਸਕੇ। ਉਨ੍ਹਾਂ ਦੱਸਿਆ ਕਿ ਨਵੇਂ ਬਣੇ ਪਾਸਪੋਰਟਾਂ ਵਿਚ ਕਿੱਤੇ ਦਾ ਕਾਲਮ ਨਹੀਂ ਲਿਖਿਆ ਹੁੰਦਾ, ਇਸ ਲਈ ਕਾਰੋਬਾਰ ਅਤੇ ਸਬੰਧਤ ਮੋਬਾਇਲ ਦੀ ਸਹੀ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਲਿਸਟ ਭੇਜੇ ਜਾਣ ਤੋਂ ਬਾਅਦ ਵੀਜਾ ਫੀਸ ਵਾਪਸ ਨਹੀਂ ਹੁੰਦੀ ਇਸ ਲਈ ਜਿਹੜੀ ਵੀ ਸੰਗਤ ਗੁਰਦੁਆਰਾ ਸ੍ਰੀ ਪੰਜਾਬ ਸਾਹਿਬ ਜਾਣਾ ਚਾਹੁੰਦੀ ਹੈ ਉਹ 31 ਦਸੰਬਰ ਤੋਂ ਪਹਿਲਾਂ ਆਪਣਾ ਪਾਸਪੋਰਟ ਅਤੇ ਦਸਤਾਵੇਜ਼ਾਂ ਨੂੰ ਮੁਕੰਮਲ ਕਰਕੇ ਸ਼ੋ੍ਰਮਣੀ ਕਮੇਟੀ ਦਫਤਰ ਪੁੱਜਦਾ ਕਰੇ ਅਤੇ ਲੇਟ ਪੁੱਜਣ ਵਾਲੇ ਪਾਸਪੋਰਟ ਲਿਸਟ ਵਿਚ ਸ਼ਾਮਲ ਨਹੀਂ ਹੋਣਗੇ।