ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੀਸਰੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸੰਤ ਬਲਬੀਰ ਸਿੰਘ ਘੁੰਨਸ ਦਰਮਿਆਨ ਵੋਟਿੰਗ ਹੋਈ।
ਇਸ ਵੋਟਿੰਗ ਦੌਰਾਨ ਕੁੱਲ 137 ਵੋਟਾਂ ਪਈਆਂ। ਸ.ਹਰਜਿੰਦਰ ਸਿੰਘ ਧਾਮੀ ਨੂੰ 118 ਵੋਟਾਂ ਪਈਆਂ ਤੇ ਸ.ਬਲਬੀਰ ਸਿੰਘ ਘੁੰਨਸ ਨੂੰ 17 ਵੋਟਾਂ ਪਈਆਂ ਹਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਚੁਣਨ ਦੇ ਨਾਲ-ਨਾਲ ਹਰਭਜਨ ਸਿੰਘ ਮਸਾਣਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ 11 ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਵੀ ਚੋਣ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਰਜਿੰਦਰ ਧਾਮੀ ਨੂੰ ਮੁੜ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਹੈ।ਉਨ੍ਹਾਂ ਨੇ ਲਿ ਖਿਆ ਹੈ ਕਿ ਮਹਾਨ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਪ੍ਰਣਾਈ ਖ਼ਾਲਸਾ ਪੰਥ ਦੀ ਬੇਦਾਗ਼ ਸਖਸ਼ੀਅਤ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਦੇ ਖ਼ਾਲਸਾ ਪੰਥ ਦੀ ਸੁਪਰੀਮ ਧਾਰਮਿਕ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਮੁੜ ਚੁਣੇ ਜਾਣ ‘ਤੇ ਮੈਂ ਉਹਨਾਂ ਨੂੰ ਸਮੂਹ ਪੰਥ ਪ੍ਰਸਤ ਸੰਸਥਾਵਾਂ ਅਤੇ ਜਥੇਬੰਦੀਆਂ ਤੇ ਸਮੁੱਚੇ ਖ਼ਾਲਸਾ ਪੰਥ ਵੱਲੋਂ ਦਿਲੋਂ ਵਧਾਈ ਦਿੰਦਾ ਹਾਂ।
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਯੁਗੋ- ਯੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਅਤੇ ਓਟ ਆਸਰਾ ਲੈਕੇ ਉਹ ਕੌਮ ਦੀ ਚੜ੍ਹਦੀ ਕਲਾ ਲਈ ਅਤੇ ਪਾਵਨ ਬਾਣੀ ਦੇ ਅਦੁੱਤੀ ਸੰਦੇਸ਼ ਨੂੰ ਦੁਨੀਆ ਦੇ ਕੋਨੇ ਕੋਨੇ ਫੈਲਾਉਣ ਲਈ ਪਹਿਲਾਂ ਤੋਂ ਵੀ ਵੱਧ ਦ੍ਰਿੜਤਾ, ਸਮਰਪਣ ਭਾਵਨਾ ਅਤੇ ਦੂਰ ਅੰਦੇਸ਼ੀ ਨਾਲ ਗੁਰੂ ਪੰਥ ਦੀ ਸੇਵਾ ਕਰਦੇ ਰਹਿਣਗੇ ਤੇ ਗੁਰੂ ਕ੍ਰਿਪਾ ਸਦਕਾ ਪੰਥਕ ਸੋਚ ਨੂੰ ਹੋਰ ਵੀ ਬੁਲੰਦੀਆਂ ‘ਤੇ ਲੈ ਜਾਣ ਲਈ ਦਿਨ ਰਾਤ ਯਤਨ ਜਾਰੀ ਰੱਖਣਗੇ।
ਪੰਥ ਦੀ ਵਾਹਿਦ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਵੱਜੋ ਮੈਂ ਉਹਨਾਂ ਨੂੰ ਵਧਾਈ ਅਤੇ ਸ਼ੁਭ ਇੱਛਾਵਾਂ ਪੇਸ਼ ਕਰਦਾ ਹਾਂ।