ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ ਕਿਸ ਨੇ ਬੈਨ ਕਰਵਾਇਆ, ਇਸ ਬਾਰੇ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਪਤਾ ਨਹੀਂ ਹੈ। ਇਹ ਖ਼ੁਲਾਸਾ ਮਹਾਰਾਸ਼ਟਰ ਦੇ ਰਹਿਣ ਵਾਲੇ ਸਿੱਧੂ ਦੇ ਪ੍ਰਸ਼ੰਸਕ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਆਰ. ਟੀ. ਆਈ. ਰਾਹੀਂ ਹੋਇਆ ਹੈ। ਉਸ ਨੇ ਤਿੰਨਾਂ ਸਰਕਾਰਾਂ ਤੋਂ ਗੀਤ ਬੈਨ ਕਰਵਾਉਣ ਲਈ ਭੇਜੀ ਸ਼ਿਕਾਇਤ ਦੀ ਕਾਪੀ ਮੰਗੀ ਸੀ।
ਤਿੰਨਾਂ ਸਰਕਾਰਾਂ ਨੇ ਕਹਿ ਦਿੱਤਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਸੂਚਨਾ ਉਪਲੱਬਧ ਨਹੀਂ ਹੈ। ਮੂਸੇ ਵਾਲਾ ਦੇ ਕਤਲ ਦੇ ਲਗਭਗ ਇਕ ਮਹੀਨੇ ਬਾਅਦ ਇਹ ਗੀਤ ਰਿਲੀਜ਼ ਹੋਇਆ ਸੀ। ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ ‘ਐੱਸ. ਵਾਈ. ਐੱਲ.’ ਗੀਤ ਬੈਨ ਕਰਨ ਦਾ ਕਾਰਨ ਜਾਣਨ ਲਈ ਉਸ ਨੇ ਕੇਂਦਰ ਦੇ ਸੂਚਨਾ ਪ੍ਰਸਾਰਣ ਤੇ ਗ੍ਰਹਿ ਮੰਤਰਾਲੇ, ਪੰਜਾਬ ਤੇ ਹਰਿਆਣਾ ਦੇ ਗ੍ਰਹਿ ਮੰਤਰਾਲੇ ਤੋਂ ਸੂਚਨਾ ਮੰਗੀ ਸੀ।
ਇਨ੍ਹਾਂ ’ਚੋਂ ਕੇਂਦਰ ਦੇ ਸੂਚਨਾ ਪ੍ਰਸਾਰਣ ਮੰਤਾਰਲੇ, ਪੰਜਾਬ ਤੇ ਹਰਿਆਣਾ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਨਾਲ ਜੁੜੀ ਕੋਈ ਸੂਚਨਾ ਉਪਲੱਬਧ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਆਪਣੇ ਅੰਦਰੂਨੀ ਵਿੰਗ ਨੂੰ ਭੇਜਿਆ ਹੈ। ਹੁਣ ਉਨ੍ਹਾਂ ਦਾ ਵੀ ਜਵਾਬ ਆ ਗਿਆ ਹੈ ਕਿ ਇਸ ਨਾਲ ਜੁੜੀ ਕੋਈ ਸੂਚਨਾ ਉਨ੍ਹਾਂ ਕੋਲ ਨਹੀਂ ਹੈ।
ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ 23 ਜੂਨ ਨੂੰ ਰਿਲੀਜ਼ ਹੋਇਆ ਸੀ, ਜਿਸ ’ਚ ਬੰਦੀ ਸਿੰਘਾਂ, ਪੰਜਾਬ-ਹਰਿਆਣਾ ਵਿਚਾਲੇ ਵਿਵਾਦ ਦੀ ਜੜ੍ਹ ਸਤਲੁਜ-ਯਮੁਨਾ ਲਿੰਕ ਨਹਿਰ, ਸੰਯੁਕਤ ਪੰਜਾਬ, 1984 ਦੇ ਦੰਗੇ, ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ ’ਤੇ ਕੇਸਰੀ ਝੰਡਾ ਲਹਿਰਾਉਣ ਵਰਗੇ ਮੁੱਦੇ ਚੁੱਕੇ ਗਏ ਸਨ।
3 ਦਿਨਾਂ ’ਚ ਇਸ ’ਤੇ 2.77 ਕਰੋੜ ਵਿਊਜ਼ ਆ ਗਏ ਸਨ। ਇਸ ਤੋਂ ਬਾਅਦ ਅਚਾਨਕ ਇਸ ਨੂੰ ਬੈਨ ਕਰਵਾ ਦਿੱਤਾ ਗਿਆ। ਯੂਟਿਊਬ ’ਤੇ ਸੁਨੇਹਾ ਆ ਗਿਆ ਕਿ ਇਹ ਗੀਤ ਭਾਰਤ ’ਚ ਉਪਲੱਬਧ ਨਹੀਂ ਹੈ। ਮੂਸੇ ਵਾਲਾ ਦਾ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ।