ਅਮਿਤਾਭ ਬੱਚਨ ਤੋਂ Ratan Tata ਨੇ ਉਧਾਰ ਮੰਗੇ ਸੀ ਪੈਸੇ, Big B ਨੇ ਸੁਣਾਇਆ ਕਿੱਸਾ
ਦਿੱਗਜਾਂ ਦੀ ਜ਼ਿੰਦਗੀ ਦੇ ਕਿੱਸੇ-ਕਹਾਣੀਆਂ ਕਿਸ ਨੂੰ ਸੁਣਨਾ ਪਸੰਦ ਨਹੀਂ ਹੈ ਤੇ ਜਦੋਂ ਕਹਾਣੀ ਸੁਣਾਉਣ ਵਾਲਾ ਬਾਲੀਵੁੱਡ ਦਾ ਮਹਾਨ ਅਦਾਕਾਰ ਅਮਿਤਾਭ ਬੱਚਨ ਤੇ ਕਿਰਦਾਰ ਦੇਸ਼ ਦੇ ਮੁੱਖ ਸਨਅਤਕਾਰ ਰਤਨ ਟਾਟਾ ਹੋਣ ਤਾਂ ਫਿਰ ਇਸ ਨੂੰ ਸੁਣਨ ’ਚ ਮਜ਼ਾ ਕਈ ਗੁਣਾ ਵੱਧ ਜਾਂਦਾ ਹੈ। ਛੋਟੇ ਪਰਦੇ ਦੇ ਮਸ਼ਹੂਰ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ ਸੀਜ਼ਨ 16 ’ਚ ਅਮਿਤਾਭ ਬੱਚਨ ਨੇ ਟਾਟਾ ਨਾਲ ਜੁੜਿਆ ਕਿੱਸਾ ਸੁਣਾਉਂਦੇ ਹੋਏ ਟਾਟਾ ਦੀ ਸਰਲਤਾ ਤੇ ਮਨੁੱਖਤਾ ਦੀ ਸ਼ਲਾਘਾ ਕੀਤੀ। ਕੇਬੀਸੀ ਦੇ ਖਾਸ ਐਪੀਸੋਡ ’ਚ ਮਹਿਮਾਨ ਦੇ ਤੌਰ ’ਤੇ ਆਏ ਫਿਲਮ ਨਿਰਮਾਤਾ ਫਰਹਾ ਖਾਨ ਤੇ ਅਦਾਕਾਰ ਬੋਮਨ ਇਰਾਨੀ ਨਾਲ ਗੱਲਬਾਤ ਦੌਰਾਨ ਅਮਿਤਾਭ ਨੇ ਦੱਸਿਆ ਕਿ ਇਕ ਵਾਰ ਲੰਡਨ ਜਾਣ ਵਾਲੇ ਜਹਾਜ਼ ’ਚ ਰਤਨ ਟਾਟਾ ਵੀ ਮੌਜੂਦ ਸਨ। ਟਾਟਾ ਨੂੰ ਜ਼ਰੂਰੀ ਫੋਨ ਕਰਨਾ ਸੀ, ਪਰ ਉਨ੍ਹਾਂ ਦਾ ਅਸਿਸਟੈਂਟ ਨਹੀਂ ਮਿਲ ਰਿਹਾ ਸੀ।
ਅਮਿਤਾਭ ਨੇ ਕਿਹਾ, ‘ਉਹ ਫੋਨ ਕਰਨ ਲਈ ਫੋਨ ਬੂਥ ’ਚ ਗਏ। ਮੈਂ ਵੀ ਉਧਰ ਬਾਹਰ ਖੜ੍ਹਾ ਸੀ। ਥੋੜ੍ਹੀ ਦੇਰ ਬਾਅਦ ਉਹ ਆਏ ਤੇ ਮੈਨੂੰ ਯਕੀਨ ਨਹੀਂ ਹੋਇਆ, ਜੋ ਉਨ੍ਹਾਂ ਨੇ ਕਿਹਾ। ਅਮਿਤਾਭ ਕੀ ਤੁਸੀਂ ਮੈਨੂੰ ਕੁਝ ਪੈਸੇ ਉਧਾਰ ਦੇ ਸਕਦੇ ਹੋ? ਮੇਰੇ ਕੋਲ ਫੋਨ ਕਰਨ ਲਈ ਪੈਸੇ ਨਹੀਂ ਹਨ। ਟਾਟਾ ਨਾਲ ਜੁੜਿਆ ਇਹ ਕਿੱਸਾ ਸੁਣ ਕੇ ਨਾ ਸਿਰਫ ਮਹਿਮਾਨ, ਬਲਕਿ ਦਰਸ਼ਕ ਵੀ ਹੈਰਾਨ ਰਹਿ ਗਏ। ਹੈਰਾਨੀਜਨਕ ਹੈ ਕਿ ਬੀਤੀ ਨੌਂ ਅਕਤੂਬਰ ਨੂੰ 86 ਸਾਲਾ ਰਤਨ ਟਾਟਾ ਦਾ ਦੇਹਾਂਤ ਹੋ ਗਿਆ ਸੀ।








