ਪੀਵੀ ਸਿੰਧੂ ਤੇ ਸ਼ਰਧ ਕਮਲ ਪੈਰਿਸ ਓਲੰਪਿਕ ‘ਚ ਲਹਿਰਾਉਣਗੇ ਤਿਰੰਗਾ, ਗਗਨ ਨਾਰੰਗ ਨੂੰ ਚੀਫ਼ ਸ਼ੈੱਫ-ਡੀ-ਮਿਸ਼ਨ ਦੇ ਅਹੁਦੇ ‘ਤੇ ਕੀਤਾ ਨਿਯੁਕਤ
ਬੈਡਮਿੰਟਨ ਸਟਾਰ ਪੀਵੀ ਸਿੰਧੂ ਅਤੇ ਟੇਬਲ ਟੈਨਿਸ ਸਟਾਰ ਸ਼ਰਧ ਕਮਲ ਨੂੰ ਪੈਰਿਸ ਓਲੰਪਿਕ 2024 ਲਈ ਝੰਡਾਬਰਦਾਰ ਬਣਾਇਆ ਗਿਆ ਹੈ। ਨਾਲ ਹੀ, 2012 ਦੇ ਕਾਂਸੀ ਤਮਗਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ ਨੂੰ ਪੈਰਿਸ ਵਿੱਚ ਹੋਣ ਵਾਲੇ ਆਗਾਮੀ ਈਵੈਂਟ ਲਈ ਮੈਰੀਕਾਮ ਦੀ ਜਗ੍ਹਾ ਸ਼ੈੱਫ-ਡੀ-ਮਿਸ਼ਨ ਨਿਯੁਕਤ ਕੀਤਾ ਗਿਆ ਹੈ।
ਗਗਨ ਨਾਰੰਗ ਨੂੰ ਚੀਫ਼ ਸ਼ੈੱਫ-ਡੀ-ਮਿਸ਼ਨ ਦੇ ਅਹੁਦੇ ‘ਤੇ ਕੀਤਾ ਨਿਯੁਕਤ
ਗੱਲਬਾਤ ਕਰਦਿਆਂ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਡਾਕਟਰ ਪੀ.ਟੀ.ਊਸ਼ਾ ਨੇ ਸੋਮਵਾਰ ਨੂੰ ਕਿਹਾ ਕਿ 41 ਸਾਲਾ ਗਗਨ ਨਾਰੰਗ ਨੂੰ ਡਿਪਟੀ ਸ਼ੈੱਫ-ਡੀ-ਮਿਸ਼ਨ ਤੋਂ ਤਰੱਕੀ ਦੇ ਕੇ ਚੀਫ਼ ਸ਼ੈੱਫ-ਡੀ-ਮਿਸ਼ਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਮੈਰੀਕਾਮ ਨੇ ਸ਼ੈੱਫ-ਡੀ-ਮਿਸ਼ਨ ਦੇ ਅਹੁਦੇ ਤੋਂ ਆਪਣੀ ਮਰਜ਼ੀ ਨਾਲ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਰੀ ਦੇ ਅਸਤੀਫੇ ਤੋਂ ਬਾਅਦ ਅਸੀਂ ਸਾਰੇ ਭਾਰਤ ਦੀ ਅਗਵਾਈ ਕਰਨ ਲਈ ਓਲੰਪਿਕ ਤਮਗਾ ਜੇਤੂ ਦੀ ਤਲਾਸ਼ ਕਰ ਰਹੇ ਸੀ ਅਤੇ ਗਗਨ ਤੋਂ ਬਿਹਤਰ ਕੋਈ ਬਦਲ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ: ਕਠੂਆ ‘ਚ ਫੌਜ ਦੀ ਗੱਡੀ ‘ਤੇ ਅੱਤਵਾਦੀ ਹਮਲਾ, 5 ਜਵਾਨ ਸ਼ਹੀਦ
ਮਾਣ ਹੈ ਕਿ ਪੀਵੀ ਸਿੰਧੂ ਨੇ ਭਾਰਤ ਲਈ 2 ਤਗਮੇ ਜਿੱਤੇ
ਨਾਲ ਹੀ ਪੀਟੀ ਊਸ਼ਾ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਪੀਵੀ ਸਿੰਧੂ ਓਲੰਪਿਕ ਵਿੱਚ ਭਾਰਤ ਲਈ 2 ਤਗਮੇ ਜਿੱਤਣ ਵਾਲੀ ਇਕਲੌਤੀ ਖਿਡਾਰਨ ਹੈ। ਸਿੰਧੂ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਵਿੱਚ ਟੇਬਲ ਟੈਨਿਸ ਸਟਾਰ ਸ਼ਰਧ ਕਮਲ ਦੇ ਨਾਲ ਭਾਰਤ ਲਈ ਝੰਡਾਬਰਦਾਰ ਹੋਵੇਗੀ। ਪੀਵੀ ਸਿੰਧੂ ਨੇ ਰੀਓ 2016 ਵਿੱਚ ਚਾਂਦੀ ਦਾ ਤਗ਼ਮਾ ਅਤੇ ਟੋਕੀਓ 2021 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਗਗਨ ਨਾਰੰਗ 4 ਵਾਰ ਦਾ ਓਲੰਪੀਅਨ
ਭਾਰਤੀ ਨਿਸ਼ਾਨੇਬਾਜ਼ ਗਗਨ ਨਾਰੰਗ 4 ਵਾਰ ਓਲੰਪਿਕ ਖੇਡ ਚੁੱਕਾ ਹੈ। ਉਸਨੇ 2012 ਲੰਡਨ ਓਲੰਪਿਕ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਭਾਰਤੀ ਪੁਰਸ਼ ਹਾਕੀ ਟੀਮ ਓਲੰਪਿਕ ਲਈ ਹੋਈ ਰਵਾਨਾ
ਭਾਰਤੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ 2024 ਵਿੱਚ ਹਿੱਸਾ ਲੈਣ ਲਈ ਰਵਾਨਾ ਹੋ ਗਈ ਹੈ। ਹਾਲਾਂਕਿ, ਉਹ ਸਵਿਟਜ਼ਰਲੈਂਡ ਵਿੱਚ ਮਾਈਕ ਹੌਰਨ ਦੇ ਅਧਾਰ ‘ਤੇ 3-ਦਿਨ ਦਾ ਮਾਨਸਿਕ ਤਾਕਤ ਸੈਸ਼ਨ ਪੂਰਾ ਕਰਨਗੇ, ਫਿਰ ਟੀਮ ਅਭਿਆਸ ਖੇਡਾਂ ਲਈ ਨੀਦਰਲੈਂਡ ਦੀ ਯਾਤਰਾ ਕਰੇਗੀ ਅਤੇ ਫਿਰ ਪੈਰਿਸ ਓਲੰਪਿਕ 2024 ਲਈ ਪੈਰਿਸ, ਫਰਾਂਸ ਚਲੇਗੀ।