ਪੰਜਾਬ ਦੀ ਧੀ ਨੇ ਕੀਤਾ ਨਾਮ ਰੌਸ਼ਨ, ਭਾਰਤੀ ਫੌਜ ‘ਚ ਬਣੀ ਕਮਿਸ਼ਨਡ ਅਫ਼ਸਰ || Punjab News

0
62
Punjab's daughter named Roshan, became a commissioned officer in the Indian Army

ਪੰਜਾਬ ਦੀ ਧੀ ਨੇ ਕੀਤਾ ਨਾਮ ਰੌਸ਼ਨ, ਭਾਰਤੀ ਫੌਜ ‘ਚ ਬਣੀ ਕਮਿਸ਼ਨਡ ਅਫ਼ਸਰ

ਐਸ.ਏ.ਐਸ.ਨਗਰ (ਮੋਹਾਲੀ) ਦੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ ਸੂਚੀ ਵਿੱਚ ਅੱਜ ਇੱਕ ਹੋਰ ਨਾਮ ਦਰਜ ਹੋ ਗਿਆ ਹੈ।  ਦਰਅਸਲ, ਇਸ ਸੰਸਥਾ ਦੀ ਸਾਬਕਾ ਕੈਡਿਟ ਪੱਲਵੀ ਰਾਜਪੂਤ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਨਿਯੁਕਤ ਹੋਈ ਹੈ। ਚੇਨਈ ਸਥਿਤ ਆਫ਼ਿਸਰਜ਼ ਟਰੇਨਿੰਗ ਅਕੈਡਮੀ ਵਿੱਚੋਂ ਸਫ਼ਲਤਾਪੂਰਵਕ ਸਿਖਲਾਈ ਮੁਕੰਮਲ ਕਰਨ ਉਪਰੰਤ ਸ਼ਨਿੱਚਰਵਾਰ ਨੂੰ ਪੱਲਵੀ ਨੇ ਪਾਸਿੰਗ ਆਊਟ ਪਰੇਡ ਵਿੱਚ ਹਿੱਸਾ ਲਿਆ। ਇਸ ਪਰੇਡ ਦਾ ਨਿਰੀਖਣ ਵਾਈਸ ਚੀਫ਼ ਆਫ਼ ਆਰਮੀ ਸਟਾਫ਼ ਲੈਫਟੀਨੈਂਟ ਜਨਰਲ ਐਨ.ਐਸ. ਰਾਜਾ ਸੁਬਰਾਮਣੀ (ਪੀ.ਵੀ.ਐਸ.ਐਮ., ਏ.ਵੀ.ਐਸ.ਐਮ., ਐਸ.ਐਮ., ਵੀ.ਐਸ.ਐਮ.) ਨੇ ਕੀਤਾ। ਆਰਟਿਲਰੀ ਰੈਜੀਮੈਂਟ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਨਿਯੁਕਤ ਹੋਈ ਲੈਫਟੀਨੈਂਟ ਪੱਲਵੀ ਰਾਜਪੂਤ ਪਠਾਨਕੋਟ ਜ਼ਿਲ੍ਹੇ ਦੇ ਕਿਸਾਨ ਰਵਿੰਦਰ ਸਿੰਘ ਦੀ ਧੀ ਹੈ।

ਹੋਰ ਧੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਲਈ ਕਰੇਗੀ ਪ੍ਰੇਰਿਤ

ਲੈਫਟੀਨੈਂਟ ਪੱਲਵੀ ਰਾਜਪੂਤ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੱਲਵੀ ਦੀ ਸਫ਼ਲਤਾ ਪੰਜਾਬ ਦੀਆਂ ਹੋਰ ਧੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਸੇਵਾ ਨਿਭਾਉਣ ਦੀਆਂ ਚਾਹਵਾਨ ਸੂਬੇ ਦੀਆਂ ਧੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ਕਦਮ ਉਠਾਉਂਦਿਆਂ ਪੰਜਾਬ ਸਰਕਾਰ ਨੇ ਮਾਈ ਭਾਗੋ ਏ.ਐਫ.ਪੀ.ਆਈ. ਵਿੱਚ ਮੌਜੂਦ ਗ੍ਰੈਜੂਏਟ ਵਿੰਗ ਤੋਂ ਇਲਾਵਾ ਜੁਲਾਈ 2023 ਵਿੱਚ ਕੁੜੀਆਂ ਲਈ ਇੱਕ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਦੀ ਸਥਾਪਨਾ ਵੀ ਕੀਤੀ ਹੈ।

ਤੀਜੇ ਬੈਚ ਲਈ ਦਾਖ਼ਲਾ ਪ੍ਰੀਖਿਆ ਜਨਵਰੀ 2025 ਵਿੱਚ ਰੱਖੀ ਗਈ

ਉਨ੍ਹਾਂ ਦੱਸਿਆ ਕਿ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਦੇ ਤੀਜੇ ਬੈਚ ਲਈ ਦਾਖ਼ਲਾ ਪ੍ਰੀਖਿਆ ਜਨਵਰੀ 2025 ਵਿੱਚ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਸੰਸਥਾ ਹੈ ਜਿੱਥੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਰਿਹਾਇਸ਼ੀ ਕੈਂਪਸ ਹੈ।

ਇਹ ਵੀ ਪੜ੍ਹੋ : ਕੰਗਨਾ ‘ਤੇ ਭੜਕੇ ਕਾਂਗਰਸੀ ਵਿਧਾਇਕ, ਕਿਹਾ- ਸਮਾਜ ਨੂੰ ਅਜਿਹੇ ਲੋਕਾਂ ਦਾ ਕਰਨਾ ਚਾਹੀਦਾ ਬਾਈਕਾਟ

ਸ਼ਾਨਦਾਰ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ

ਸੰਸਥਾ ਦੇ ਸਾਬਕਾ ਕੈਡਿਟਾਂ ਦੀ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰਾਂ ਵਜੋਂ ਨਿਯਮਤ ਤੌਰ ‘ਤੇ ਨਿਯੁਕਤੀ ‘ਤੇ ਖੁਸ਼ੀ ਤੇ ਤਸੱਲੀ ਦਾ ਇਜ਼ਹਾਰ ਕਰਦਿਆਂ ਮਾਈ ਭਾਗੋ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐੱਸ.ਐੱਮ. (ਸੇਵਾਮੁਕਤ) ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਸਦਕਾ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਪ੍ਰੀ-ਕਮਿਸ਼ਨ ਸਿਖਲਾਈ ਅਕੈਡਮੀਆਂ ਵਿੱਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਵਧਾਉਣ ਸਬੰਧੀ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਹੋਰ ਬਲ ਮਿਲੇਗਾ।ਉਨ੍ਹਾਂ ਨੇ ਲੈਫਟੀਨੈਂਟ ਪੱਲਵੀ ਰਾਜਪੂਤ ਨੂੰ ਭਾਰਤੀ ਫੌਜ ਵਿੱਚ ਸ਼ਾਨਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

 

 

 

 

 

LEAVE A REPLY

Please enter your comment!
Please enter your name here