ਪੰਜਾਬੀ ਗਾਇਕ R Nait ਨੂੰ ਮਿਲੀ ਧਮਕੀ, ਲਾਰੈਂਸ ਦੇ ਨਾਂ ‘ਤੇ ਮੰਗੇ 1 ਕਰੋੜ ਰੁਪਏ
ਪੰਜਾਬ ਵਿੱਚ ਗਾਇਕਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣ ਦਾ ਰੁਝਾਨ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਰੁਝਾਨ ਹੋਰ ਤੇਜ਼ ਹੋ ਗਿਆ ਹੈ। ਹੁਣ ਪੰਜਾਬੀ ਗਾਇਕ R Nait ਨੂੰ ਧਮਕੀ ਭਰਿਆ ਕਾਲ ਆਇਆ ਹੈ ਅਤੇ ਕਰੀਬ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। R Nait ਨੂੰ ਕਾਫੀ ਸਮੇਂ ਤੋਂ ਅਜਿਹੀਆਂ ਕਾਲਾਂ ਆ ਰਹੀਆਂ ਸਨ। ਇਸ ਸਬੰਧੀ R Nait ਟੀਮ ਵੱਲੋਂ ਪੰਜਾਬ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਨੇ ਉਕਤ ਫ਼ੋਨ ਨੰਬਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਾਰ-ਵਾਰ ਵਿਦੇਸ਼ੀ ਨੰਬਰਾਂ ਤੋਂ ਆ ਰਹੇ ਫੋਨ
ਪੰਜਾਬੀ ਗਾਇਕ R Nait ਦੇ ਮੈਨੇਜਰ ਰਜਿੰਦਰ ਪਾਲ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਵਾਰ-ਵਾਰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਹਨ। ਕੁਝ ਰਿਕਾਰਡਿੰਗ ਵੀ ਭੇਜੀ ਗਈ ਹੈ। ਜਿਸ ਵਿੱਚ ਉਹ ਫਿਰੌਤੀ ਦੀ ਮੰਗ ਕਰ ਰਿਹਾ ਹੈ। ਫਿਰੌਤੀ ਨਾ ਦੇਣ ‘ਤੇ ਜਾਨ ਲਈ ਖ਼ਤਰਾ ਦੱਸਿਆ ਗਿਆ ਹੈ।
ਲਾਰੈਂਸ ਅਤੇ ਰਿੰਦਾ ਦੇ ਨਾਂ ‘ਤੇ ਮਿਲੀਆਂ ਧਮਕੀਆਂ
ਹਾਲਾਂਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕਿਸੇ ਗੈਂਗਸਟਰ ਦਾ ਨਾਂ ਨਹੀਂ ਲਿਆ ਗਿਆ ਹੈ। ਪਰ ਇੱਕ ਮੀਡੀਆ ਗਰੁੱਪ ਨਾਲ ਗੱਲਬਾਤ ਕਰਦੇ ਹੋਏ R Nait ਦੇ ਮੈਨੇਜਰ ਨੇ ਕਿਹਾ ਹੈ ਕਿ ਉਸ ਨੂੰ ਲਾਰੈਂਸ ਅਤੇ ਰਿੰਦਾ ਦੇ ਨਾਂ ‘ਤੇ ਧਮਕੀਆਂ ਮਿਲੀਆਂ ਹਨ। ਮੁਲਜ਼ਮਾਂ ਨੇ ਕਰੀਬ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਹਾਲੀ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ
ਗਾਇਕ ਨੂੰ ਦਿੱਤੀ ਧਮਕੀ ‘ਚ ਦੋਸ਼ੀ ਨੇ R Nait ਦਾ ਗੀਤ ‘ਤੇਰੇ ਯਾਰ ਨੂੰ ਦੱਬਣ ਨੂਂ ਫਿਰਦੇ ਸੀ, ਪਰ ਦਬਦਾ ਕਿਥੇ ਯਾਰ’ ਗਾਇਆ ਅਤੇ ਧਮਕੀ ਦਿੱਤੀ। ਉਪਰੋਕਤ ਲਾਈਨ ਕਹਿਣ ਤੋਂ ਬਾਅਦ ਦੋਸ਼ੀ ਨੇ ਕਿਹਾ- ਅਸੀਂ ਦੱਬਣਾ ਜਾਣਦੇ ਹਾਂ। ਜਿਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਯੂਕੇ ਦੇ ਜਿਸ ਨੰਬਰ ਤੋਂ R Nait ਨੂੰ ਕਾਲ ਆਈ ਸੀ, ਉਹ ਸੁੱਖੀ ਨਾਮ ਦੇ ਵਿਅਕਤੀ ਦਾ ਸੀ।