ਅਲੀਗੜ੍ਹ: ਅਲੀਗੜ੍ਹ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਬਿਮਾਰ ਹੋ ਗਏ ਹਨ।ਬਿਮਾਰ ਵਿਅਕਤੀਆਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਜ਼ਹਿਰੀਲੀ ਸ਼ਰਾਬ ਵੇਚਣ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦੋਂਕਿ ਫਰਾਰ ਹੋਏ ਦੋ ਮੁੱਖ ਮੁਲਜ਼ਮਾਂ ਲਈ 50-50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਸ਼ੁੱਕਰਵਾਰ ਨੂੰ ਸਵੇਰੇ ਅਲੀਗੜ੍ਹ ਦੇ ਕਰਸੂਆ ਪਿੰਡ ਤੋਂ ਜ਼ਹਿਰੀਲੀ ਸ਼ਰਾਬ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਮੌਕੇ ‘ਤੇ ਤੁਰੰਤ ਜ਼ਿਲ੍ਹੇ ਦਾ ਉੱਚ ਅਧਿਕਾਰੀ ਪਹੁੰਚਿਆ।
ਇਸਦੇ ਨਾਲ ਹੀ ਪਿੰਡ ਚੈਰਤ ਵਿਚ ਵੀ ਚਾਰ ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਵੇਂ ਹੀ ਰਾਤ ਆਈ, ਵਧੇਰੇ ਲੋਕਾਂ ਦੇ ਸ਼ਰਾਬ ਪੀਣ ਦੀ ਖ਼ਬਰ ਮਿਲੀ। ਇਨ੍ਹਾਂ ਸਾਰੇ ਲੋਕਾਂ ਨੇ ਸਰਕਾਰੀ ਦੇਸੀ ਸ਼ਰਾਬ ਦੇ ਠੇਕੇ ਤੋਂ ਬ੍ਰਾਂਡਡ ਦੇਸੀ ਸ਼ਰਾਬ ਖਰੀਦ ਕੇ ਪੀਤੀ ਸੀ।ਜਾਂਚ ਟੀਮ ਨੇ ਦੇਸੀ ਸ਼ਰਾਬ ਦੇ ਇਨ੍ਹਾਂ ਠੇਕਿਆਂ ਤੋਂ ਸ਼ਰਾਬ ਦੇ ਨਮੂਨੇ ਲਏ ਅਤੇ ਜਿਸ ਤੋਂ ਬਾਅਦ ਇਨ੍ਹਾਂ ਠੇਕਿਆਂ ਨੂੰ ਸੀਲ ਕਰ ਦਿੱਤਾ ਗਿਆ।
ਆਗਰਾ ਦੇ ਏਡੀਜੀ ਰਾਜੀਵ ਕ੍ਰਿਸ਼ਨਾ ਨੇ ਅਲੀਗੜ੍ਹ ਦੇ ਹਸਪਤਾਲਾਂ ਵਿੱਚ ਦਾਖਲ ਹੋਏ ਲੋਕਾਂ ਦੀ ਸਿਹਤ ਬਾਰੇ ਡਾਕਟਰਾਂ ਤੋਂ ਪੁੱਛਗਿੱਛ ਕੀਤੀ।ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਫਰਾਰ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।