ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਕਿਤਾਬਚਾ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤਾ ਜਾਰੀ

0
67

ਅੰਮ੍ਰਿਤਸਰ : ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ‘ਸ੍ਰੀ ਅਕਾਲ ਤਖ਼ਤ ਸਾਹਿਬ-ਜਾਣ ਪਛਾਣ’ ਕਿਤਾਬਚਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਜਾਰੀ ਕੀਤਾ ਗਿਆ। ਇਹ ਕਿਤਾਬਚਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਮੁਕਤ ਗ੍ਰੰਥੀ ਭਾਈ ਮੋਹਨ ਸਿੰਘ ਉਰਲਾਣਾ ਨੇ ਲਿਖਿਆ ਹੈ। ਇਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦੇ ਮਨੋਰਥ ਅਤੇ ਸਿਰਜਣਾ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰੋਜ਼ਾਨਾ ਦੀ ਮਰਯਾਦਾ, ਨਿਸ਼ਾਨ ਸਾਹਿਬ, ਨਗਾਰਾ, ਮਨਾਰੇ, ਤਖ਼ਤ ਸਾਹਿਬ ਵਿਖੇ ਅੰਮ੍ਰਿਤ-ਸੰਚਾਰ, ਫਸੀਲ ਤੋਂ ਸਨਮਾਨ ਤੇ ਸੇਵਾ ਸੌਂਪਣਾ, ਇਮਲੀ ਦੇ ਇਤਿਹਾਸਕ ਰੁੱਖ ਅਤੇ ਪਾਵਨ ਇਤਿਹਾਸਕ ਸ਼ਸਤਰਾਂ ਆਦਿ ਬਾਰੇ ਸੰਖੇਪ ਜਾਣਕਾਰੀ ਕਿਤਾਬਚੇ ਦਾ ਹਿੱਸਾ ਹੈ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪਿਆ ਗਿਆ ਇਹ ਕਿਤਾਬਚਾ ਸੰਗਤਾਂ ਤੱਕ ਭੇਟਾ ਰਹਿਤ ਪਹੁੰਚਾਇਆ ਜਾਵੇਗਾ। ਕਿਤਾਬਚਾ ਜਾਰੀ ਕਰਨ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਇਸ ਦਾ ਜਾਰੀ ਹੋਣਾ ਹੋਰ ਵੀ ਮਹੱਤਵ ਰੱਖਦਾ ਹੈ।

ਉਨ੍ਹਾਂ ਆਖਿਆ ਕਿ ਸਿੱਖ ਪੰਥ ਦੀਆਂ ਸੰਸਥਾਵਾਂ ਦੇ ਇਤਿਹਾਸ ਅਤੇ ਰਵਾਇਤਾਂ ਤੋਂ ਸੰਗਤ ਨੂੰ ਜਾਣੂ ਕਰਵਾਉਣਾ ਸਮੇਂ ਦੀ ਵੱਡੀ ਲੋੜ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਭੇਟਾ ਰਹਿਤ ਸਾਹਿਤ ਲਗਾਤਾਰ ਛਾਪ ਕੇ ਸੰਗਤ ਵਿਚ ਵੱਡੀ ਪੱਧਰ ਵਿਚ ਵੰਡਣਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਵੱਖ-ਵੱਖ ਇਤਿਹਾਸਕ ਕਿਤਾਬਚੇ ਪ੍ਰਕਾਸ਼ਤ ਕਰਨ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਪੁਰਾਣੀਆਂ ਛਪੀਆਂ ਬੇਹਤਰੀਨ ਪੁਸਤਕਾਂ ਦੀ ਮੁੜ ਪ੍ਰਕਾਸ਼ਨਾਂ ਲਈ ਵੀ ਯਤਨ ਤੇਜ ਕੀਤੇ ਗਏ ਹਨ। ਇਸ ਤਹਿਤ ਕੁਝ ਪੁਸਤਕਾਂ ਮੁੜ ਪ੍ਰਕਾਸ਼ਤ ਕੀਤੀਆਂ ਗਈਆਂ ਹਨ ਅਤੇ ਭਵਿੱਖ ਵਿਚ ਹੋਰ ਵੀ ਅਹਿਮ ਪੁਸਤਕਾਂ ਦੁਬਾਰਾ ਛਾਪੀਆਂ ਜਾਣਗੀਆਂ। ਕਿਤਾਬਚਾ ਜਾਰੀ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਅਜਾਇਬ ਸਿੰਘ ਅਭਿਆਸੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਭਾਈ ਮਲਕੀਤ ਸਿੰਘ, ਭਾਈ ਸੁਲਤਾਨ ਸਿੰਘ, ਸ. ਮਲਕੀਤ ਸਿੰਘ ਬਹਿੜਵਾਲ, ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਨਰੇਰੀ ਸਕੱਤਰ ਸ. ਗੁਰਮੀਤ ਸਿੰਘ, ਓਐਸਡੀ. ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸਾਬਕਾ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here