ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦਿੱਲੀ ‘ਚ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਪਾਰਟੀ ਹਾਈਕਮਾਨ ਜੋ ਵੀ ਫੈਸਲਾ ਲਵੇਗੀ ਅਸੀ੍ਂ ਉਸ ਨੂੰ ਸਵੀਕਾਰ ਕਰਾਂਗੇ। ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਦੇ ਸਵਾਲ ‘ਤੇ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਸਿੱਧੂ ਸਾਹਿਬ ਦੇ ਬਾਰੇ ‘ਚ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਦੱਸ ਦਈਏ ਕਿ ਕੈਪਟਨ ਦੀ ਸੋਨੀਆ ਗਾਂਧੀ ਨਾਲ ਮੰਗਲਵਾਰ ਨੂੰ ਕਰੀਬ ਡੇਢ ਘੰਟੇ ਤੱਕ ਮੀਟਿੰਗ ਹੋਈ।
ਮੀਟਿੰਗ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਨਾਲ ਉਨ੍ਹਾਂ ਦੀ ਪਾਰਟੀ ਦੇ ਅੰਦਰੂਨੀ ਮਸਲਿਆਂ, ਪੰਜਾਬ ਸਰਕਾਰ ਦੇ ਕੰਮ ਧੰਦੇ, ਵਿਕਾਸ ਸਮੇਤ ਮੌਜੂਦਾ ਰਾਜਨੀਤਿਕ ਹਾਲਤ ‘ਤੇ ਵਿਸਥਾਰ ਨਾਲ ਚਰਚਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹਾਈਕਮਾਨ ਪੰਜਾਬ ਕਾਂਗਰਸ ਅਤੇ ਰਾਜਨੀਤਿਕ ਗਤੀਵਿਧੀਆਂ ਲਈ ਜੋ ਵੀ ਫੈਸਲਾ ਲਵੇਗੀ, ਅਸੀਂ ਉਸ ‘ਤੇ ਤੇਜ਼ੀ ਨਾਲ ਅਮਲ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪੰਜਾਬ ‘ਚ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਕੈਪਟਨ ਨਾਲ ਮੁਲਾਕਾਤ ਤੋਂ ਪਹਿਲਾਂ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਨੀਆ ਗਾਂਧੀ ਦੇ ਨਿਵਾਸ ‘ਤੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਸੋਨੀਆ ਨੇ ਕੈਪਟਨ ਦੇ ਸਾਹਮਣੇ ਰੱਖੇ ਹੱਲ ਦੇ ਕੁਝ ਫਾਰਮੂਲੇ
ਦੱਸ ਦਈਏ ਕਿ ਬੈਠਕ ਦੌਰਾਨ ਸੋਨੀਆ ਗਾਂਧੀ ਨੇ ਕੈਪਟਨ ਦੇ ਸਾਹਮਣੇ ਹੱਲ ਦੇ ਕੁਝ ਫਾਰਮੂਲੇ ਰੱਖੇ ਹਨ ਅਤੇ ਇਸ ‘ਚ ਨਵਜੋਤ ਸਿੰਘ ਸਿੱਧੂ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਹੋਈ ਹੈ। ਕੈਪਟਨ ਨੇ ਪ੍ਰਦੇਸ਼ ਪ੍ਰਧਾਨ ਲਈ ਹਿੰਦੂ ਚਿਹਰੇ ਦੀ ਵਕਾਲਤ ਕਰਦੇ ਹੋਏ ਵਿਜੈ ਇੰਦਰ ਸਿੰਗਲਾ ਦਾ ਨਾਮ ਅੱਗੇ ਕੀਤਾ ਹੈ।
ਕੈਪਟਨ ਬਿਹਤਰ ਜਾਣਦੇ ਹਨ ਕਿ ਸਿੰਗਲਾ ਟੀਮ ਰਾਹੁਲ ਦਾ ਹਿੱਸਾ ਹੈ ਅਤੇ ਉਨ੍ਹਾਂ ਦਾ ਦਾਅ ਚੱਲ ਸਕਦਾ ਹੈ ਪਰ ਹਾਈਕਮਾਨ ਦੇ ਸਾਹਮਣੇ ਮੌਜੂਦਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੀ ਐਡਜਸਟਮੈਂਟ ਦਾ ਵੀ ਅਹਿਮ ਵਿਸ਼ਾ ਹੈ। ਦਲਿਤ ਅਤੇ ਪਿਛੜਿਆਂ ਨੂੰ ਐਡਜਸਟ ਕਰਨ ਦਾ ਫਾਰਮੂਲਾ ਹਾਈਕਮਾਨ ਨੇ ਤਿਆਰ ਕਰ ਲਿਆ ਹੈ ਅਤੇ ਸੰਭਾਵਨਾ ਹੈ ਕਿ ਮੰਤਰੀ ਮੰਡਲ ‘ਚ ਹੋਣ ਵਾਲੇ ਫੇਰਦਬਲ ‘ਚ ਇਸ ਦੀ ਤਸਵੀਰ ਦਿੱਖ ਜਾਵੇਗੀ।