ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਨੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਕਰਮ ਸਿੰਘ ਮਜੀਠਿਆ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ‘ਜੇਲ੍ਹ ਭਰੋ ਅੰਦੋਲਨ’ ਸ਼ੁਰੂ ਕਰੇਗਾ। ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ‘ਤੇ ਵੱਡੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਇਨ੍ਹਾਂ ਨੇ ਮੀਟਿੰਗ ਕਰਕੇ ਡੀ.ਜੀ.ਪੀ. ਨੂੰ ਹਿਦਾਇਤ ਦਿੱਤੀ ਹੈ ਕਿ ਬਿਕਰਮ ਮਜੀਠੀਆ ਖ਼ਿਲਾਫ਼ ਝੂਠਾ ਪਰਚਾ ਦਰਜ ਕਰੋ ਪਰ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਦੀ ਧੱਕੇਸ਼ਾਹੀ ਨਹੀਂ ਜਰੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਮਜੀਠੀਆ ਖ਼ਿਲਾਫ਼ ਝੂਠਾ ਕੇਸ ਦਰਜ ਹੋਇਆ ਤਾਂ ਅਕਾਲੀ ਦਲ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫਿਰ ਚਾਹੇ ਇਹ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਵਰਕਰਾਂ ਖ਼ਿਲਾਫ਼ ਵੀ ਪਰਚੇ ਦਰਜ ਕਰ ਦੇਣ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ, ਗ੍ਰਹਿ ਮੰਤਰੀ ਸੁੱਖੀ ਰੰਧਾਵਾ ਨੇ ਪਹਿਲਾਂ ਵੀ ਡੀ.ਜੀ.ਪੀ.ਅਤੇ ਹੋਰ ਅਫ਼ਸਰ ਸਾਹਿਬਾਨਾਂ ਦੀ ਮੀਟਿੰਗ ‘ਚ ਸਾਜ਼ਿਸ਼ ਰਚੀ ਗਈ ਸੀ ਕਿ ਬੇਅਦਬੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਖ਼ਿਲਾਫ਼ ਝੂਠਾ ਗਵਾਹ ਖੜ੍ਹਾ ਕਰਕੇ ਪਰਚਾ ਦਰਜ ਕੀਤਾ ਜਾਵੇ। ਅਸੀਂ ਖੁੱਲ੍ਹੀ ਚੁਣੌਤੀ ਦਿੱਤੀ ਸੀ ਕਿ ਸਬੂਤਾਂ ਦੇ ਆਧਾਰ ‘ਤੇ ਪਰਚਾ ਦਰਜ ਕਰੋ ਪਰ ਕਾਂਗਰਸ ਕੋਲੋਂ ਕੁਝ ਨਹੀਂ ਹੋਇਆ। ਸੁਖਬੀਰ ਬਾਦਲ ਨੇ ਮੁੜ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਚੰਨੀ ਸਰਕਾਰ ‘ਚ ਹਿੰਮਤ ਹੈ ਤਾਂ ਹਾਈਕੋਰਟ ਦੇ ਮੌਜੂਦਾ ਜੱਜ ਕੋਲੋਂ ਨਸ਼ੇ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਪਰ ਇਹ ਕਰਵਾਉਣਗੇ ਨਹੀਂ ਕਿਉਂਕਿ ਕਾਨੂੰਨਨ ਇਹ ਸਾਡੇ ਖ਼ਿਲਾਫ਼ ਕੁਝ ਨਹੀਂ ਕਰ ਸਕਦੇ।
ਸੁਖਬੀਰ ਬਾਦਲ ਨੇ ਸਿੱਧੂ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਉਸਦਾ ਦਿਮਾਗ ਹਿੱਲ ਗਿਆ ਹੈ। ਸਿੱਧੂ ਕਹਿ ਰਿਹਾ ਹੈ ਕਿ ਜੇਕਰ ਮਜੀਠਿਆ ਖ਼ਿਲਾਫ਼ ਪਰਚਾ ਨਾ ਹੋਇਆ ਤਾਂ ਭੁੱਖ ਹੜਤਾਲ ‘ਤੇ ਬੈਠੇਗਾ। ਕਾਂਗਰਸੀਆਂ ਲਈ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਇਸੇ ਕਰਕੇ ਇਨ੍ਹਾਂ ਨੇ ਪਿਛਲੇ 5 ਸਾਲਾਂ ਵਿੱਚ ਹਜ਼ਾਰਾਂ ਝੂਠੇ ਕੇਸ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਝੂਠੇ ਕੇਸਾਂ ਦੀ ਪੜਤਾਲ ਕਰਵਾਉਣ ਲਈ ਇੱਕ ਕਮਿਸ਼ਨ ਬਣੇਗਾ ਅਤੇ ਹਰ ਉਸ ਵਿਅਕਤੀ ਖ਼ਿਲਾਫ਼ ਕਾਰਵਾਈ ਹੋਵੇਗੀ ਜਿਸਨੇ ਝੂਠੇ ਕੇਸ ਦਰਜ ਕਰਨ ਦਾ ਹੁਕਮ ਦਿੱਤਾ।