ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਨਵਾਂ ਸ਼ਹਿਰ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚੰਨੀ ਅਤੇ ਇੱਥੋਂ ਦੇ ਕਾਂਗਰਸੀ ਐੱਮ.ਐੱਲ.ਏ ’ਤੇ ਵੱਡਾ ਹਮਲਾ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਜਿੱਥੇ ਜਾਂਦਾ, ਉੱਥੇ ਇਹੀ ਕਹਿੰਦਾ ਹੈ ਕਿ ਉਹ ਆਮ ਆਦਮੀ ਹੈ।ਸੁਖਬੀਰ ਬਾਦਲ ਨੇ ਚੰਨੀ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਲੋਕਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਕੀ ਕੌਣ ਆਮ ਆਦਮੀ ਹੈ ਜਾਂ ਨਹੀਂ। ਇਸ ਦੀ ਪਛਾਣ ਲੋਕ ਆਪ ਹੀ ਕਰ ਲੈਂਦੇ ਹਨ। ਪੰਜਾਬ ਦੇ ਮੁੱਖ ਮੰਤਰੀ ਚੰਨੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜਾ ਵਿਅਕਤੀ ਆਮ ਆਦਮੀ ਹੁੰਦਾ ਹੈ, ਉਸ ਦਾ ਪੁੱਤਰ 3 ਕਰੋੜ ਰੁਪਏ ਦੀ ਗੱਡੀ ਨਹੀਂ ਚਲਾ ਸਕਦਾ।
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਨਵਾਂ ਸ਼ਹਿਰ ਹਲਕੇ ’ਚ ਕਾਂਗਰਸ ਦਾ ਐੱਮ.ਐੱਲ. ਏ ਰਹਿੰਦਾ ਹੈ, ਜੋ ਪੰਜਾਬ ਦਾ ਸਭ ਤੋਂ ਵੱਡਾ ਰੇਤ ਮਾਫਿਆ ਅਤੇ ਸ਼ਰਾਬ ਮਾਫ਼ਿਆ ਹੈ। ਇਸ ਕਾਂਗਰਸੀ ਵਿਧਾਇਕ ਨੇ ਬਹੁਤ ਸਾਰੇ ਗੁੰਡੇ ਪਾਲੇ ਹੋਏ ਹਨ, ਜੋ ਲੋਕਾਂ ਨਾਲ ਧੱਕੇ ਅਤੇ ਕਬਜ਼ੇ ਕਰਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਇੱਥੋ ਦਾ ਐੱਮ.ਐੱਲ. ਏ ਇਹ ਸੋਚਦਾ ਹੋਣਾ ਕਿ ਮੈਂ ਹਮੇਸ਼ਾ ਲਈ ਇੱਥੋਂ ਦਾ ਵਿਧਾਇਕ ਰਹਾਂਗਾ ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸ ਨੂੰ ਵਿਧਾਇਕ ਬਣਾਉਣ ਵਾਲੇ ਵੀ ਲੋਕ ਹਨ ਅਤੇ ਹੇਠਾਂ ਉਤਾਰਨ ਵਾਲੇ ਵੀ ਲੋਕ ਹਨ।
ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ 5 ਸਾਲਾਂ ’ਚ ਕੁੱਝ ਨਹੀਂ ਕੀਤਾ। ਇਸ ਸਰਕਾਰ ਨੇ ਗੁਟਕਾ ਸਾਹਿਬ ਦੀ ਝੂਠੀ ਸੋਹ ਖਾਂ ਕੇ ਲੋਕਾਂ ਨਾਲ ਵਾਅਦੇ ਕੀਤੇ, ਜੋ ਸਰਕਾਰ ਨੇ ਅਜੇ ਤੱਕ ਪੂਰੇ ਨਹੀਂ ਕੀਤੇ। ਇਹ ਸਰਕਾਰ ਹੁਣ ਫਿਰ ਪੰਜਾਬ ’ਚ ਵਾਪਸ ਆਉਣ ਦੀਆਂ ਯੋਜਨਾਵਾਂ ਬਣਾ ਰਹੀ ਹੈ। ਸਰਕਾਰ ਨੇ ਕੈਪਟਨ ਨੂੰ ਪਾਸੇ ਕਰਕੇ ਪੰਜਾਬ ਦਾ ਮੁੱਖ ਮੰਤਰੀ ਹੀ ਬਦਲ ਦਿੱਤਾ ਤਾਂ ਕਿ ਸਾਰਾ ਦੋਸ਼ ਕੈਪਟਨ ’ਤੇ ਲੱਗ ਸਕੇ।
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਚੰਨੀ ਆਪਣੀ ਸਰਕਾਰ ਬਣਾਉਣ ਲਈ ਝੂਠ ’ਤੇ ਝੂਠ ਬੋਲ ਰਿਹਾ ਹੈ। ਲੋਕਾਂ ਨੂੰ ਹਰ ਰੋਜ਼ ਨਵਾਂ ਵਾਅਦਾ ਕਰ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਜੋ ਨਵੇਂ ਐਲਾਨ ਕੀਤੇ ਗਏ ਹਨ, ਉਹ ਸਿਰਫ਼ 31 ਮਾਰਚ ਤੱਕ ਲਾਗੂ ਹਨ। ਕਾਂਗਰਸ ਸਰਕਾਰ ਦੀ ਸੋਚ ਠੱਗੀ ਮਾਰਨ ਦੀ ਹੈ।