ਸਿੱਖਿਆ ਵਿਭਾਗ ਦੇ ਦਫਤਰੀ ਕਾਮੇ 14 ਜੂਨ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਕਰਨਗੇ ਘਿਰਾਓ

0
470

ਸਿੱਖਿਆ ਵਿਭਾਗ ਦੇ ਕੱਚੇ ਦਫਤਰੀ ਮੁਲਾਜ਼ਮਾਂ ਨੇ 14 ਜੂਨ ਨੂੰ ਸਿੱਖਿਆ ਮੰਤਰੀ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਵੱਲ ਮਾਰਚ ਕਰਕੇ ਕੋਠੀ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਹੈ। ਸੱਤਾ ਦੇ ਬਦਲਾਅ ਤੋਂ ਆਸ ਦੀ ਕਿਰਨ ਵਿਚ ਬੈਠੇ ਇਹ ਮੁਲਾਜ਼ਮ ਹੁਣ ਬਹੁਤ ਔਖੇ ਨਜ਼ਰ ਆ ਰਹੇ ਹਨ ਕਿਉਕਿ ਇਹਨਾਂ ਕੱਚੇ ਦਫਤਰੀ ਕਾਮਿਆ ਨੂੰ ਪੱਕਾ ਕਰਨ ਦੀ ਬਜਾਏ 5000-6000 ਤਨਖਾਹ ਕਟੌਤੀ ਕਰ ਦਿੱਤੀ ਗਈ ਹੈ ਅਤੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਇਹਨਾ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਭੱਜ ਰਹੀ ਹੈ।

ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਕੁਲਦੀਪ ਸਿੰਘ, ਰਜਿੰਦਰ ਸਿੰਘ ਸੰਧਾ, ਜਗਮੋਹਨ ਸਿੰਘ ਅਤੇ ਰਮਨ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਕਰਮਚਾਰੀਆ ਦੀ ਤਕਰੀਬਨ 5000-6000 ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਕਟੌਤੀ ਲਾ ਦਿੱਤੀ ਹੈ ਜਿਸ ਕਰਕੇ ਸਮੂਹ ਮੁਲਾਜ਼ਮ ਵਰਗ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਆਗੂਆ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਦਫਤਰਾਂ ਵਿਚ ਕੰਮ ਕਰਦੇ ਕਰਮਚਾਰੀਆ ਦੀਆ ਦੂਰ ਦੁਰਾਡੇ ਡਿਊਟੀਆ ਲਗਾਈਆ ਗਈਆ ਸਨ। ਤਨਖਾਹ ਕਟੌਤੀ, ਆਰਜ਼ੀ ਡਿਊਟੀਆ ਰੱਦ ਕਰਨ, ਰੈਗੂਲਰ ਕਰਨ ਅਤੇ ਛੇਵੇਂ ਤਨਖਾਹ ਕਮਿਸ਼ਨ ਦੀਆ ਸਿਫਾਰਿਸ਼ਾ ਲਾਗੂ ਕਰਨ ਸਬੰਧੀ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਦੁਆਰ ਤੱਕ ਪਹੁੰਚ ਕਰ ਚੁੱਕੇ ਹਨ ਪਰ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਕੋਈ ਵੀ ਰਿਸਪਾਂਸ ਨਹੀ ਦਿਖਾ ਰਹੇ ਅਤੇ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਭੱਜ ਰਹੇ ਹਨ ਜਿਸ ਕਰਕੇ ਮੁਲਾਜ਼ਮਾਂ ਕੋਲ ਸਘੰਰਸ਼ ਤੋਂ ਇਲਾਵਾ ਕੋਈ ਹੋਰ ਰਸਤਾ ਨਹੀ ਬਚ ਰਿਹਾ। ਇਸ ਲਈ ਮੁਲਾਜ਼ਮਾਂ ਨੇ 14 ਜੂਨ ਨੂੰ ਸਿੱਖਿਆ ਮੰਤਰੀ ਦੀ ਬਰਨਾਲਾ ਰਿਹਾਇਸ਼ ਵੱਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ। ਆਗੂਆ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਗਰੂਰ ਜਿਮਨੀ ਚੋਣਾਂ ਵਿੱਚ ਸਰਕਾਰ ਵਿਰੁੱਧ ਪ੍ਰਚਾਰ ਕਰਨ ਤੋਂ ਵੀ ਕੱਚੇ ਕਾਮੇ ਪਿੱਛੇ ਨਹੀ ਹਟਣਗੇ।

ਆਗੂਆਂ ਨੇ ਕਿਹਾ ਕਿ ਪਿਛਲੇ 10-15 ਸਾਲਾਂ ਤੋਂ ਸਮੇਂ ਸਮੇਂ ਦੀਆ ਸਰਕਾਰਾਂ ਵਿਰੁੱਧ ਸ਼ਘੰਰਸ਼ ਕਰਦੇ ਆ ਰਹੇ ਕੱਚੇ ਮੁਲਾਜ਼ਮਾਂ ਨੂੰ ਆਮ ਆਦਮੀ ਪਾਰਟੀ ਤੋਂ ਇਕ ਆਸ ਦੀ ਕਿਰਨ ਜਾਗੀ ਸੀ ਕਿਉਕਿ ਪਹਿਲਾਂ 10 ਸਾਲ ਅਕਾਲੀ ਭਾਜਪਾ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਲਾਰਿਆ ਵਿਚ ਰੱਖਿਆ ਅਤੇ ਫਿਰ 5 ਸਾਲ ਕੈਪਟਨ ਤੇ ਚੰਨੀ ਸਰਕਾਰ ਨੇ ਸਿਰਫ ਐਲਾਨਾਂ ਨਾਲ ਹੀ ਸਾਰ ਦਿੱਤਾ। ਵੋਟਾਂ ਦੋਰਾਨ ਇਹਨਾਂ ਰਾਜਨੀਤਿਕ ਪਾਰਟੀਆ ਤੋਂ ਅੱਕੇ ਕੱਚੇ ਮੁਲਾਜ਼ਮਾਂ ਦੇ ਦੁਆਰ ਤੇ ਆਮ ਆਦਮੀ ਪਾਰਟੀ ਆਈ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਤੇ ਸੂਬਾ ਆਗੂਆ ਨੇ ਕੱਚੇ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਕੇ ਵਾਅਦੇ ਕੀਤੇ ਕਿ ਸੱਤਾ ਵਿਚ ਆਉਣ ਤੇ ਕੱਚੇ ਮੁਲਾਜ਼ਮਾਂ ਨੂੰ ਪੂਰੀਆ ਤਨਖਾਹਾਂ ਤੇ ਰੈਗੂਲਰ ਕੀਤਾ ਜਾਵੇਗਾ ਅਤੇ ਕਿਸੇ ਵੀ ਕੱਚੇ ਮੁਲਾਜ਼ਮ ਦਾ ਸੋਸ਼ਣ ਨਹੀ ਕੀਤਾ ਜਾਵੇਗਾ। ਕੱਚੇ ਮੁਲਾਜ਼ਮਾਂ ਨੇ ਬਦਲਾਅ ਦੇ ਰੂਪ ਵਿਚ ਪਾਰਟੀ ਆਗੂਆ ਤੇ ਭਰੋਸਾ ਕਰਕੇ ਵੱਧ ਚੜ ਕੇ ਸਪੋਰਟ ਕੀਤੀ ਪਰ ਸੱਤਾ ਵਿਚ ਆਉਂਦੇ ਹੀ ਆਮ ਆਦਮੀ ਪਾਰਟੀ ਵੀ ਦੂਜੀਆ ਪਾਰਟੀਆ ਵਾਂਗ ਸੱਤਾ ਦੇ ਨਸ਼ੇ ਵਿਚ ਖੁਮਾਰ ਹੋ ਕੇ ਕੱਚੇ ਮੁਲਾਜ਼ਮਾਂ ਨੂੰ ਭੁੱਲ ਗਈ।

ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵਿਚ ਪਿਛਲੇ 16 ਸਾਲਾਂ ਤੋਂ ਦਫਤਰਾਂ ਵਿਚ ਕੰਮ ਕਰ ਰਹੇ ਦਫਤਰੀ ਕਰਮਚਾਰੀਆ ਨਾਲ ਤਾਂ ਜੱਗੋ ਤੇਰਵੀਂ ਹੋ ਗਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਇਹਨਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਤਾਂ ਕੀ ਕਾਰਵਾਈ ਕਰਨੀ ਸੀ ਉਲਟਾ ਮੁਲਾਜ਼ਮਾਂ ਦੀਆ ਤਨਖਾਹਾਂ ਤੇ ਕੁਹਾੜਾ ਚਲਾਉਣ ਦਾ ਕੰਮ ਕਰ ਦਿੱਤਾ ਜਿਸ ਕਰਕੇ ਮੁਲਾਜ਼ਮ ਵਰਗ ਵਿਚ ਬਹੁਤ ਨਿਰਾਸ਼ਤਾ ਪਾਈ ਜਾ ਰਹੀ ਹੈ।

LEAVE A REPLY

Please enter your comment!
Please enter your name here