ਸਿੱਖ ਸੰਗਤਾਂ ਲਈ ਖੁਸ਼ਖਬਰੀ : Air India ਨੇ ਅੰਮ੍ਰਿਤਸਰ ਤੋਂ Nanded Sahib ਲਈ ਬੁਕਿੰਗ ਕੀਤੀ ਸ਼ੁਰੂ

0
68

ਕਰਤਾਰਪੁਰ ਸਾਹਿਬ (Kartarpur Sahib) ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਹੁਣ ਅੰਮ੍ਰਿਤਸਰ (Amritsar) ਤੋਂ ਪੰਜ ਸਿੱਖ ਤਖ਼ਤਾਂ ਵਿੱਚੋਂ ਇੱਕ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (Hazur Sahib Nanded) ਜਾਣ ਵਾਲੇ ਪੰਜਾਬ ਅਤੇ ਵਿਦੇਸ਼ ਵੱਸਦੇ ਹਜ਼ਾਰਾਂ ਸ਼ਰਧਾਲੂਆਂ ਲਈ ਇੱਕ ਹੋਰ ਖੁਸ਼ਖਬਰੀ ਦੀ ਖਬਰ ਆਈ ਹੈ। ਇਸ ਸੰਬੰਧੀ ਪ੍ਰੈਸ ਨੂੰ ਜਾਰੀ ਇੱਕ ਵਿਸ਼ੇਸ਼ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਏਅਰ ਇੰਡੀਆ (Air India) ਨੇ ਅੰਮ੍ਰਿਤਸਰ-ਨਾਂਦੇੜ (Amritsar-Nanded) ਸਿੱਧੀਆਂ ਉਡਾਣਾਂ ਨੂੰ 30 ਅਕਤੂਬਰ ਤੋਂ ਮੁਅੱਤਲ ਕਰਨ ਦੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ 24 ਨਵੰਬਰ, 2021 ਤੋਂ ਇਸ ਸਿੱਧੀ ਉਡਾਣ ਨੂੰ ਮੁੜ ਸ਼ੁਰੂ ਕਰ ਰਹੀ ਹੈ।

ਏਅਰ ਇੰਡੀਆ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਵੈੱਬਸਾਈਟ (Air India website) ‘ਤੇ ਉਪਲਬਧ ਸਮਾਂ ਸੂਚੀ ਅਨੁਸਾਰ, ਇਹ ਉਡਾਣ ਹੁਣ ਅੰਮ੍ਰਿਤਸਰ ਤੋਂ ਹਰ ਬੁੱਧਵਾਰ ਸਵੇਰੇ 10:45 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1 ਵਜੇ ਨਾਂਦੇੜ ਪਹੁੰਚੇਗੀ। ਇਸੇ ਤਰ੍ਹਾਂ ਨਾਂਦੇੜ ਤੋਂ ਪਹਿਲੀ ਉਡਾਣ 27 ਨਵੰਬਰ ਤੋਂ ਸ਼ੁਰੂ ਹੋਵੇਗੀ ‘ਤੇ ਹਰ ਸ਼ਨੀਵਾਰ ਸਵੇਰੇ 9:15 ਵਜੇ ਰਵਾਨਾ ਹੋ ਕੇ ਸਵੇਰੇ 11:30 ਵਜੇ ਅੰਮ੍ਰਿਤਸਰ ਉਤਰੇਗੀ। ਏਅਰ ਇੰਡੀਆਂ ਵੱਲੋਂ ਇਸ ਉਡਾਣ ਨਾਲ ਮੁੰਬਈ ਨੂੰ ਵੀ ਸਿੱਧਾ ਨਾਂਦੇੜ ਨਾਲ ਜੋੜ ਦਿੱਤਾ ਗਿਆ ਹੈ। ਅੰਮ੍ਰਿਤਸਰ ਤੋਂ ਨਾਂਦੇੜ ਪਹੁੰਚ ਕੇ ਜਹਾਜ਼ ਫਿਰ ਮੁੰਬਈ ਲਈ ਰਵਾਨਾ ਹੋਵੇਗਾ ਅਤੇ ਇਸੇ ਤਰਾਂ ਸ਼ਨੀਵਾਰ ਨੂੰ ਮੁੰਬਈ ਤੋਂ ਨਾਂਦੇੜ ਪਹੁੰਚ ਕੇ ਫਿਰ ਅੰਮ੍ਰਿਤਸਰ ਲਈ ਉਡਾਣ ਭਰੇਗਾ।

ਗੁਮਟਾਲਾ ਨੇ ਕਿਹਾ ਕਿ, ਏਅਰ ਇੰਡੀਆ ਨੇ ਅਕਤੂਬਰ ਮਹੀਨੇ ਵਿੱਚ, 2021-22 ਲਈ ਆਪਣੇ ਸਰਦ ਰੁੱਤ ਦੀ ਸਮਾਂਸੂਚੀ ਵਿਚੋਂ ਇਸ ਸਿੱਧੀ ਉਡਾਣ ਦੀ ਬੁਕਿੰਗ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਦੇ ਬੰਦ ਹੋਣ ਨਾਲ ਦੇਸ਼-ਵਿਦੇਸ਼ ਤੋਂ ਸ਼ਰਧਾਲੂਆ ਦੇ ਵਿਚ ਰੋਸ ਦੀ ਲਹਿਰ ਫੈਲ ਗਈ ਸੀ।

ਅੰਮ੍ਰਿਤਸਰ-ਨਾਂਦੇੜ ਦੇ ਵਿਚਕਾਰ ਸਿੱਧੀ ਉਡਾਣ 3 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ ਤੋਂ ਪੰਜਾਬ ਆਓਣ ਵਾਲੇ ਪ੍ਰਵਾਸੀ ਪੰਜਾਬੀ ਅਤੇ ਪੰਜਾਬ ਦੇ ਨਾਲ ਨਾਲ ਦੂਜੇ ਗੁਆਂਢੀ ਰਾਜਾਂ ਦੇ ਯਾਤਰੀ ਵੀ ਦਰਸ਼ਨ ਕਰਨ ਲਈ ਇਸ ਉਡਾਣ ਰਾਹੀਂ ਜਾਂਦੇ ਸਨ। ਇਹ ਸਿੱਧੀ ਉਡਾਣ ਬੜੇ ਲੰਮੇ ਸਮੇਂ ਤੋਂ ਪੰਜਾਬੀਆਂ ਦੁਆਰਾ ਕੀਤੀ ਜਾ ਰਹੀ ਮੰਗ ਨੂੰ ਮੁੱਖ ਰੱਖਕੇ ਸ਼ੁਰੂ ਕੀਤੀ ਗਈ ਸੀ। ਹੁਣ ਇਸ ਦੇ ਮੁੜ ਸ਼ੁਰੂ ਹੋਣ ਨਾਲ ਯਾਤਰੀ ਮੂੜ ਹਜ਼ੂਰ ਸਾਹਿਬ ਦਰਸ਼ਨ ਕਰਨ ਲਈ ਸਿਰਫ 2 ਘੰਟੇ 15 ਮਿੰਟ ਵਿੱਚ ਪਹੁੰਚ ਸਕਣਗੇ।

ਗੁਮਟਾਲਾ ਨੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਇਸ ਉਡਾਣ ਨੂੰ ਮੁੜ ਸ਼ੁਰੂ ਕਰਨ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਚੰਗਾ ਹੁੰਗਾਰਾ ਮਿਲਣ ‘ਤੇ ਏਅਰ ਇੰਡੀਆ ਇਸ ਉਡਾਣ ਦੇ ਸੰਚਾਲਨ ਨੂੰ ਮੁੜ ਤਿੰਨ ਦਿਨ ਕਰ ਦੇਵੇਗੀ। ਉਨ੍ਹਾਂ ਦੱਸਿਆ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਹਾਲ ਹੀ ਵਿੱਚ ਅੰਮ੍ਰਿਤਸਰ ਤੋਂ ਦਿੱਲੀ, ਮੁੰਬਈ ਅਤੇ ਸ਼੍ਰੀਨਗਰ ਲਈ ਗੋ ਫਸਟ ਏਅਰਲਾਈਨ ਵਲੌਂ ਰੋਜ਼ਾਨਾ ਛੇ ਉਡਾਣਾਂ ਦੀ ਸ਼ੁਰੂਆਤ ਤੋਂ ਬਾਅਦ ਇੱਕ ਮੀਟਿੰਗ ਦੌਰਾਨ ਗੋ ਫਸਟ ਏਅਰਲਾਈਨ ਦੇ ਅਧਿਕਾਰੀਆਂ ਨੂੰ ਪਿਛਲੇ ਸਾਲਾਂ ਦੇ ਅੰਕੜਿਆਂ ਸਮੇਤ ਅੰਮ੍ਰਿਤਸਰ-ਨਾਂਦੇੜ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਬੇਨਤੀ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਹਵਾਈ ਅੱਡੇ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਬੀ.ਆਰ.ਟੀ.ਐਸ. ਮੈਟਰੋ ਬੱਸ ਸੇਵਾ ਤੁਰੰਤ ਬਹਾਲ ਕਰਨ ਅਤੇ ਹਵਾਈ ਅੱਡੇ ਨੂੰ ਪੰਜਾਬ ਦੇ ਹੋਰ ਸ਼ਹਿਰਾਂ ਦੀ ਬੱਸ ਸੇਵਾ ਨਾਲ ਜੋੜਨ ਦੀ ਵੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here