ਦੁਬਈ : ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਐਤਵਾਰ ਨੂੰ ਆਈ. ਸੀ. ਸੀ. ਹਾਲ ਆਫ ਫੇਮ ਦਾ ਐਲਾਨ ਕੀਤਾ ਹੈ। ਆਈ. ਸੀ. ਸੀ. ਨੇ ਸਾਬਕਾ ਭਾਰਤੀ ਕ੍ਰਿਕਟਰ ਵੀਨੂ ਮਾਂਕਡ ਸਣੇ ਇਸ ਖੇਡ ਦੇ ਵੱਡੇ ਖਿਡਾਰੀਆਂ ਨੂੰ ਆਪਣੀ ਆਲ ਆਫ ਫੇਮ ਸੂਚੀ ਵਿਚ ਸ਼ਾਮਲ ਕੀਤਾ ਹੈ, ਜਿਸ ਵਿਚ ਕ੍ਰਿਕਟ ਦੇ ਸ਼ੁਰੂਆਤੀ ਸਮੇਂ ਤੋਂ ਪੰਜ ਯੁੱਗਾਂ ਦੇ ਦੋ-ਦੋ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਆਈ. ਸੀ. ਸੀ. ਨੇ ਆਪਣੇ ਅਧਿਕਾਰਤ ਬਿਆਨ ਵਿਚ ਕਿਹਾ, “ਇਸ ਵਿਚ ਸ਼ਾਮਲ ਕੀਤੇ ਜਾਣ ਵਾਲੇ ਖੇਡ ਦੇ 10 ਸ਼ਾਨਦਾਰ ਖਿਡਾਰੀਆਂ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਮਹੱਤਵਪੂਰਣ ਯੋਗਦਾਨ ਪਾਇਆ ਹੈ ਅਤੇ ਆਈ. ਸੀ. ਸੀ. ਹਾਲ ਆਫ ਫੇਮ ਦੀ ਪ੍ਰਮੁੱਖ ਸੂਚੀ ਵਿਚ ਸ਼ਾਮਲ ਹੋਏ ਹਨ। ਇਸ ‘ਚ ਸ਼ਾਮਲ ਲੋਕਾਂ ਦੀ ਕੁੱਲ ਗਿਣਤੀ 103 ਹੋ ਗਈ ਹੈ।”
ਸੂਚੀ ‘ਚ ਜਗ੍ਹਾ ਬਣਾਉਣ ਵਾਲੇ ਖਿਡਾਰੀਆਂ ਵਿਚ ਸ਼ੁਰੂਆਤੀ ਯੁੱਗ (1918 ਤੋਂ ਪਹਿਲਾਂ) ਲਈ ਦੱਖਣੀ ਅਫਰੀਕਾ ਦੇ ਆਬਰੇ ਫਾਲਕਨਰ ਅਤੇ ਆਸਟਰੇਲੀਆ ਦੇ ਮੌਂਟੀ ਨੋਬਲ, ਵਿਸ਼ਵ ਯੁੱਧ (1918–1945) ਦੇ ਸਮੇਂ ਲਈ ਵੈਸਟਇੰਡੀਜ਼ ਦੇ ਸਰ ਲੈਰੀ ਕਾਂਸਟੇਨਟਾਈਨ ਅਤੇ ਆਸਟਰੇਲੀਆ ਮੈਕਕੇਬ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਯੁੱਗ ਲਈ ਇੰਗਲੈਂਡ ਦੇ ਟੇਡ ਡੈਕਸਟਰ ਤੇ ਭਾਰਤ ਦੇ ਵੀਨੂ ਮਾਂਕਡ ਦਾ ਨਾਂ ਹੈ।
ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਪਹਿਲੀ ਵਾਰ ਖੇਡਿਆ ਜਾ ਰਿਹਾ ਹੈ। ਇਸ ਮੌਕੇ ਆਈ. ਸੀ. ਸੀ. ਨੇ ਹਾਲ ਆਫ ਫੇਮ ਦਾ ਐਲਾਨ ਵੀ ਕੀਤਾ ਹੈ। ਟੈਸਟ ਕ੍ਰਿਕਟ ਦੀ ਸਾਰਥਕਤਾ ਵਧਾਉਣ ਦੇ ਉਦੇਸ਼ ਨਾਲ, ਇਹ ਟੂਰਨਾਮੈਂਟ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਇਸਦਾ ਆਖਰੀ ਮੈਚ 18 ਜੂਨ ਤੋਂ ਸਾਊਥੈਂਪਨ ਦੇ ਐਜੀਆਸ ਬਾਊਲ ਵਿਖੇ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ।