ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ 23 ਮਾਰਚ ਯਾਨੀ ਅੱਜ ਸ਼ਹੀਦੀ ਦਿਵਸ ਹੈ। ਅੱਜ ਦਾ ਦਿਨ ਪੂਰੇ ਦੇਸ਼ ਲਈ ਬਹੁਤ ਹੀ ਮਹੱਤਵਪੂਰਨ ਹੈ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇਣ ਲਈ 24 ਮਾਰਚ 1931 ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ, ਪਰ ਅੰਗਰੇਜ਼ਾਂ ਨੇ ਇਸ ਵਿਚ ਅਚਾਨਕ ਬਦਲਾਅ ਕਰ ਦਿੱਤਾ ਸੀ। ਜਿਸ ਤੋਂ ਬਾਅਦ ਤੈਅ ਮਿਤੀ ਤੋਂ 1 ਦਿਨ ਪਹਿਲਾਂ ਯਾਨੀ 23 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਦਰਅਸਲ ਅੰਗਰੇਜ਼ਾਂ ਨੂੰ ਡਰ ਸੀ ਕਿ ਫਾਂਸੀ ਵਾਲੇ ਦਿਨ ਲੋਕ ਵਿਦਰੋਹ ਕਰ ਦੇਣਗੇ ਕਿਉਂਕਿ ਇਨ੍ਹਾਂ ਯੋਧਿਆਂ ਦੀ ਉਸ ਸਮੇਂ ਲੋਕਾਂ ਵਿੱਚ ਕਾਫੀ ਪ੍ਰਸਿੱਧੀ ਸੀ। ਇਸ ਕਾਰਨ ਇਨ੍ਹਾਂ ਤਿੰਨਾਂ ਨੂੰ ਗੁਪਤ ਰੂਪ ਵਿੱਚ ਮੌਤ ਦੀ ਸਜ਼ਾ ਦੇ ਦਿੱਤੀ ਗਈ ਸੀ। ਜਿਸ ਬਾਰੇ ਅੰਗਰੇਜ਼ਾਂ ਨੇ ਪਰਿਵਾਰ ਤੇ ਹੋਰ ਕਿਸੇ ਨੂੰ ਵੀ ਕੋਈ ਖਬਰ ਨਹੀਂ ਹੋਣ ਦਿੱਤੀ ਸੀ।
ਭਗਤ ਸਿੰਘ
ਸਰਦਾਰ ਭਗਤ ਸਿੰਘ 28 ਸਤੰਬਰ 1907 ਵਿਚ ਪੈਦਾ ਹੋਏ ਸੀ। ਭਗਤ ਸਿੰਘ ਨੂੰ ਦੇਸ਼ ਭਗਤੀ ਦੀ ਭਾਵਨਾ ਉਨ੍ਹਾਂ ਦੇ ਪਰਿਵਾਰ ਵਿੱਚੋਂ ਹੀ ਮਿਲੀ। ਜਾਣਕਾਰੀ ਲਈ ਦੱਸ ਦੇਈਏ ਕਿ ਖਟਕੜ ਕਲਾਂ ਇਕ ਇਤਿਹਾਸਿਕ ਪਿੰਡ ਹੈ। ਅਸਲ ਵਿੱਚ ਖਟਕੜ ਕਲਾਂ ਨੂੰ ਪ੍ਰਸਿੱਧ ਦੇਸ਼ਭਗਤ ਅਤੇ ਸਰਦਾਰ ਕਿਸ਼ਨ ਸਿੰਘ, ਸਰਦਾਰ ਅਜੀਤ ਸਿੰਘ, ਸਰਦਾਰ ਸਵਰਨ ਸਿੰਘ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਰਗੇ ਯੋਧਿਆਂ ਦਾ ਪਿੰਡ ਹੋਣ ਦਾ ਸਨਮਾਨ ਮਿਲਿਆ ਹੈ। ਇਹ ਮਹਾਨ ਸ਼ਹੀਦ ਭਗਤ ਸਿੰਘ ਦੇ ਬਜੁਰਗਾਂ ਦਾ ਪਿੰਡ ਹੈ। ਇਸ ਕਾਰਨ ਖਟਕੜ ਕਲਾਂ ਹੁਸੈਨੀਵਾਲਾ ਭਗਤ ਸਿੰਘ ਲਈ ਬਹੁਤ ਖਾਸ ਸਥਾਨ ਸੀ, ਜਿੱਥੋ ਉਨ੍ਹਾਂ ਦੇ ਅੰਦਰ ਦੇਸ਼ ਦੇ ਪ੍ਰਤੀ ਭਗਤੀ ਦੀ ਭਾਵਨਾਂ ਭਰੀ ਸੀ। ਦੱਸ ਦੇਈਏ ਕਿ ਇੱਥੇ ਜ਼ਿਲ੍ਹੇ ਦਾ ਨਾਮ ਭਗਤ ਸਿੰਘ ਦੇ ਨਾਮ ‘ਤੇ ਹੀ ਰੱਖਿਆ ਗਿਆ ਹੈ। ਕੁਝ ਲੋਕਾਂ ਦੇ ਮੁਤਾਬਿਕ ਭਗਤ ਸਿੰਘ ਦੀ ਆਖਰੀ ਇੱਛਾ ਸੀ ਕਿ ਉਸ ਨੂੰ ਫਾਂਸੀ ਦੇਣ ਦੀ ਬਜਾਏ ਗੋਲੀ ਮਾਰ ਦਿੱਤੀ ਜਾਵੇ। ਭਗਤ ਸਿੰਘ ਨੇ ਵਿਆਹ ਨਹੀਂ ਕਰਵਾਇਆ। ਫਾਂਸੀ ਸਮੇਂ ਭਗਤ ਸਿੰਘ ਦੀ ਉਮਰ 23 ਸਾਲ ਦੀ ਸੀ।
ਰਾਜਗੁਰੂ
ਰਾਜਗੁਰੂ ਦਾ ਜਨਮ 24 ਅਗਸਤ 1908 ਨੂੰ ਮੌਜੂਦਾ ਮਹਾਰਾਸ਼ਟਰ ਰਾਜ ਦੇ ਰਤਨਾਗਿਰੀ ਜ਼ਿਲ੍ਹੇ ਦੀ ਖੇੜ ਤਹਿਸੀਲ ਵਿੱਚ ਹੋਇਆ ਸੀ। ਉਹਨਾਂ ਦਾ ਪਰਿਵਾਰ ਮਰਾਠੀ ਦੇਸ਼ਸਥ ਬ੍ਰਾਹਮਣ ਪਰਿਵਾਰ ਸੀ। ਜਦੋਂ ਰਾਜਗੁਰੂ ਸਿਰਫ਼ 6 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਘਰ ਦੀ ਜਿੰਮੇਦਾਰੀ ਉਨ੍ਹਾਂ ਦੇ ਵੱਡੇ ਭਰਾ ਨੇ ਸੰਭਾਲੀ। ਰਾਜਗੁਰੂ ਨੇ 16 ਸਾਲ ਦੀ ਉਮਰ ਵਿੱਚ ਚੰਦਰਸ਼ੇਖਰ ਆਜ਼ਾਦ ਦੀ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਵਿੱਚ ਸ਼ਾਮਲ ਹੋ ਗਏ। ਇਸ ਕ੍ਰਾਂਤੀਕਾਰੀ ਪਾਰਟੀ ਵਿੱਚ ਰਾਜਗੁਰੂ ਨੂੰ ‘ਰਘੂਨਾਥ’ ਅਤੇ ‘ਐਮ ਮਹਾਰਾਸ਼ਟਰ’ ਵਜੋਂ ਜਾਣਿਆ ਜਾਂਦਾ ਸੀ। ਇੱਥੇ ਹੀ ਰਾਜਗੁਰੂ ਭਗਤ ਸਿੰਘ ਅਤੇ ਸੁਖਦੇਵ ਨੂੰ ਵੀ ਮਿਲੇ ਸਨ। ਇਸੇ ਤਰ੍ਹਾਂ ਦੇ ਵਿਚਾਰਾਂ ਕਾਰਨ, ਰਾਜਗੁਰੂ, ਭਗਤ ਸਿੰਘ ਅਤੇ ਸੁਖਦੇਵ ਚੰਗੇ ਦੋਸਤ ਬਣ ਗਏ ਅਤੇ ਉਨ੍ਹਾਂ ਨੇ ਮਿਲ ਕੇ ਬਹੁਤ ਸਾਰੀਆਂ ਕ੍ਰਾਂਤੀਕਾਰੀ ਘਟਨਾਵਾਂ ਨੂੰ ਅੰਜਾਮ ਦਿੱਤਾ। ਚੰਦਰਸ਼ੇਖਰ ਆਜ਼ਾਦ ਅਤੇ ਭਗਤ ਸਿੰਘ ਰਾਜਗੁਰੂ ਦੇ ਆਦਰਸ਼ ਸਨ। ਫਾਂਸੀ ਸਮੇਂ ਸ਼ਿਵਰਾਮ ਰਾਜਗੁਰੂ ਦੀ ਉਮਰ 22 ਸਾਲ ਦੀ ਸੀ।
ਸੁਖਦੇਵ ਥਾਪਰ
ਸੁਖਦੇਵ ਥਾਪਰ ਦਾ ਜਨਮ 15 ਮਈ 1907 ਨੂੰ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਹੋਇਆ ਸੀ। ਉਹਨਾਂ ਨੇ ਬਚਪਨ ਤੋਂ ਹੀ ਭਾਰਤ ਵਿੱਚ ਅੰਗਰੇਜ਼ ਹਕੂਮਤ ਦੇ ਜ਼ੁਲਮਾਂ ਨੂੰ ਦੇਖਿਆ ਸੀ ਅਤੇ ਇਸੇ ਕਾਰਨ ਉਹ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨ ਲਈ ਕ੍ਰਾਂਤੀਕਾਰੀ ਬਣ ਗਿਆ ਸੀ। ਬਚਪਨ ਤੋਂ ਹੀ ਸੁਖਦੇਵ ਦੇ ਮਨ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰੀ ਹੋਈ ਸੀ। ਉਸਨੇ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਅਤੇ ਉਨ੍ਹਾਂ ਨੂੰ ਆਜ਼ਾਦੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਇੱਕ ਹੁਨਰਮੰਦ ਆਗੂ ਵਜੋਂ ਉਸਨੇ ਕਾਲਜ ਦੇ ਵਿਦਿਆਰਥੀਆਂ ਨੂੰ ਭਾਰਤ ਦੇ ਸ਼ਾਨਦਾਰ ਅਤੀਤ ਬਾਰੇ ਵੀ ਦੱਸਿਆ। ਸੁਖਦੇਵ ਨੇ ਹੋਰ ਕ੍ਰਾਂਤੀਕਾਰੀ ਸਾਥੀਆਂ ਦੇ ਨਾਲ ਲਾਹੌਰ ਵਿੱਚ ਨੌਜਵਾਨ ਭਾਰਤ ਸਭਾ ਸ਼ੁਰੂ ਕੀਤੀ। ਇਹ ਇੱਕ ਅਜਿਹੀ ਸੰਸਥਾ ਸੀ ਜਿਸ ਨੇ ਨੌਜਵਾਨਾਂ ਨੂੰ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਸੁਖਦੇਵ ਨੇ ਨਾ ਸਿਰਫ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ, ਸਗੋਂ ਖੁਦ ਵੀ ਇਨਕਲਾਬੀ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲਿਆ। ਸੁਖਦੇਵ ਥਾਪਰ ਇੱਕ ਅਜਿਹਾ ਨਾਮ ਹੈ ਜੋ ਨਾ ਸਿਰਫ ਆਪਣੀ ਦੇਸ਼ ਭਗਤੀ, ਦਲੇਰੀ ਅਤੇ ਮਾਤ ਭੂਮੀ ਉੱਤੇ ਕੁਰਬਾਨੀ ਲਈ ਜਾਣਿਆ ਜਾਂਦਾ ਹੈ, ਸਗੋਂ ਉਹਨਾਂ ਦਾ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਿਵੇਕਲੇ ਮਿੱਤਰ ਵਜੋਂ ਇਤਿਹਾਸ ਵਿੱਚ ਦਰਜ ਹੈ।