ਰੇਲਵੇ ਵਿਭਾਗ ਨੇ ਮੇਲ ਅਤੇ ਐਕਸਪ੍ਰੈਸ ਟਰੇਨਾਂ ਲਈ ਵਿਸ਼ੇਸ਼ ਟੈਗ ਨੂੰ ਹਟਾਉਣ ਅਤੇ ਮਹਾਂਮਾਰੀ ਤੋਂ ਪਹਿਲਾਂ ਵਾਲੇ ਕਿਰਾਏ ਨੂੰ ਤੁਰੰਤ ਪ੍ਰਭਾਵ ਨਾਲ ਬਹਾਲ ਕਰਨ ਦਾ ਆਦੇਸ਼ ਜਾਰੀ ਕੀਤਾ। ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਰੇਲਵੇ ਸਿਰਫ਼ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਦੱਸ ਦੇਈਏ ਕਿ ਰੇਲਵੇ ਨੇ ਲੰਬੀ ਦੂਰੀ ਦੀਆਂ ਟਰੇਨਾਂ ਸ਼ੁਰੂ ਕੀਤੀਆਂ ਸਨ ਅਤੇ ਹੁਣ ਛੋਟੀ ਦੂਰੀ ਦੀਆਂ ਯਾਤਰੀ ਸੇਵਾਵਾਂ ਨੂੰ ਵੀ ਵਿਸ਼ੇਸ਼ ਟਰੇਨਾਂ ਦੇ ਰੂਪ ਵਿੱਚ ਚਲਾਇਆ ਜਾ ਰਿਹਾ ਹੈ।
ਜ਼ੋਨਲ ਰੇਲਵੇ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਰੇਲਵੇ ਬੋਰਡ ਨੇ ਕਿਹਾ ਹੈ ਕਿ ਟਰੇਨਾਂ ਹੁਣ ਆਪਣੇ ਰੁਟੀਨ ਨੰਬਰਾਂ ਨਾਲ ਚਲਾਈਆਂ ਜਾਣਗੀਆਂ ਅਤੇ ਕਿਰਾਇਆ ਵੀ ਮਹਾਂਮਾਰੀ ਤੋਂ ਪਹਿਲਾਂ ਵਾਲਾ ਹੀ ਹੋਵੇਗਾ। ਸਪੈਸ਼ਲ ਟਰੇਨਾਂ ਦਾ ਕਿਰਾਇਆ ਮਾਮੂਲੀ ਜ਼ਿਆਦਾ ਹੋਵੇਗਾ। ਸ਼ੁੱਕਰਵਾਰ ਨੂੰ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ, ‘ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੀਆਂ ਨਿਯਮਤ ਮੇਲ-ਐਕਸਪ੍ਰੈੱਸ ਟਰੇਨਾਂ ਐੱਮਐੱਸਪੀਸੀ (ਮੇਲ-ਐਕਸਪ੍ਰੈੱਸ ਸਪੈਸ਼ਲ) ਅਤੇ ਐੱਚਐੱਸਪੀ (ਹੋਲੀਡੇ ਸਪੈਸ਼ਲ) ਵਜੋਂ ਚੱਲ ਰਹੀਆਂ ਹਨ। ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਵਰਕਿੰਗ ਟਾਈਮ ਟੇਬਲ 2021 ਵਿੱਚ ਸ਼ਾਮਲ MSPC ਅਤੇ HSP ਰੇਲ ਸੇਵਾਵਾਂ ਨਿਯਮਤ ਨੰਬਰਾਂ ‘ਤੇ ਕੰਮ ਕਰਨਗੀਆਂ। ਕਿਰਾਇਆ ਯਾਤਰਾ ਦੀਆਂ ਸੰਬੰਧਤ ਸ਼੍ਰੇਣੀਆਂ ਅਤੇ ਰੇਲਗੱਡੀਆਂ ਦੀ ਕਿਸਮ ਦੇ ਅਨੁਸਾਰ ਵਸੂਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਲਗਭਗ 1700 ਮੇਲ ਐਕਸਪ੍ਰੈੱਸ ਟਰੇਨਾਂ ਚੱਲ ਰਹੀਆਂ ਸਨ ਪਰ ਮਹਾਂਮਾਰੀ ਦੇ ਕਾਰਨ ਇਨ੍ਹਾਂ ਟਰੇਨਾਂ ਦਾ ਸੰਚਾਲਨ ਰੋਕਣਾ ਪਿਆ ਸੀ। ਮਹਾਂਮਾਰੀ ਦੇ ਦੇਸ਼ ਵਿੱਚ ਪ੍ਰਭਾਵਤ ਹੋਣ ਤੋਂ ਬਾਅਦ ਭਾਰਤੀ ਰੇਲਵੇ ਪੂਰੇ ਦੇਸ਼ ਵਿੱਚ ਪੂਰੀ ਰਿਜ਼ਰਵੇਸ਼ਨ ਨਾਲ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਇਨ੍ਹਾਂ ਸਪੈਸ਼ਲ ਟਰੇਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਆਮ ਟਰੇਨਾਂ ਦੇ ਮੁਕਾਬਲੇ 30 ਫੀਸਦੀ ਜ਼ਿਆਦਾ ਕਿਰਾਇਆ ਦੇਣਾ ਪੈਂਦਾ ਸੀ।