ਲੁਧਿਆਣਾ ‘ਚ ਖਾਣੇ ਦੀਆਂ ਪਲੇਟਾਂ ਲਈ ਹੰਗਾਮਾ ਕਰਨ ਵਾਲੇ ਪ੍ਰਿੰਸੀਪਲ ਤਲਬ

0
54

ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਿੱਖਿਆ ਸੁਧਾਰਾਂ ਲਈ 10 ਮਈ ਨੂੰ ਲੁਧਿਆਣਾ ਦੇ ਇਕ ਰਿਜ਼ਾਰਟ ‘ਚ ਰੱਖੇ ਗਏ ਪ੍ਰੋਗਰਾਮ ਵਾਲੇ ਦਿਨ ਖਾਣੇ ਦੀਆਂ ਪਲੇਟਾਂ ‘ਤੇ ਝਪਟਣਾ ਸਕੂਲ ਪ੍ਰਿੰਸੀਪਲਾਂ ਨੂੰ ਮਹਿੰਗਾ ਪੈਂਦਾ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਪਲੇਟਾਂ ਲਈ ਖਿੱਚੋਤਾਣ ਕਰਦੇ ਪ੍ਰਿੰਸੀਪਲਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਇਸ ਨੂੰ ਵਿਭਾਗ ਦਾ ਅਕਸ ਖ਼ਰਾਬ ਕਰਨ ਵਾਲੀ ਹਰਕਤ ਕਰਾਰ ਦਿੱਤਾ ਹੈ ਅਤੇ ਦੋਵਾਂ ਜ਼ਿਲ੍ਹਿਆਂ ਦੇ 7 ਪ੍ਰਿੰਸੀਪਲਾਂ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਾਜ਼ਰ ਹੋਣ ਦਾ ਫਰਮਾਨ ਜਾਰੀ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ 20 ਮਈ ਨੂੰ ਸਹਾਇਕ ਡਾਇਰੈਕਟਰ ਦੇ ਦਫ਼ਤਰ ‘ਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ।

ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਗੁਰਦਾਸਪੁਰ ਤੇ ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਉਕਤ ਸਾਰੀ ਖਿੱਚੋਤਾਣ ‘ਚ ਗੁਰਦਾਸਪੁਰ ਦੇ ਜੈਤੋ ਸਰਜਾ ਸਥਿਤ ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ, ਸ੍ਰੀ ਹਰਗੋਬਿੰਦਪੁਰ ਸਕੂਲ ਦੀ ਪ੍ਰਿੰਸੀਪਲ ਰਜਨੀ ਬਾਲਾ, ਫਾਜ਼ਿਲਕਾ ਦੇ ਪਿੰਡ ਗਿੱਦੜਾਂਵਾਲੀ ਸਕੂਲ ਦੇ ਹੈੱਡਮਾਸਟਰ ਰਾਜੀਵ ਕੁਮਾਰ, ਚੱਕ ਮੌਜਦੀਨ ਸਕੂਲ ਦੇ ਹੈੱਡਮਾਸਟਰ ਕੁੰਦਨ ਸਿੰਘ, ਖਿਓਵਾਲੀ ਢਾਬ ਸਕੂਲ ਦੀ ਪ੍ਰਿੰਸੀਪਲ ਆਸ਼ਿਮਾ, ਫਾਜ਼ਿਲਕਾ ਦੇ ਬੀ.ਪੀ.ਈ.ਓ. ਜਸਪਾਲ ਅਤੇ ਪੰਜਾਵਾ ਮਾਂਡਲਾ ਸਕੂਲ ਦੇ ਹੈੱਡਮਾਸਟਰ ਅਨਿਲ ਕੁਮਾਰ ਸ਼ਾਮਲ ਸਨ। ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਕਤ ਸਾਰਿਆਂ ਨੂੰ ਨਾਲ ਲੈ ਕੇ 20 ਮਈ ਦੀ ਸਵੇਰ 10 ਵਜੇ ਸਹਾਇਕ ਡਾਇਰੈਕਟਰ ਦੇ ਦਫ਼ਤਰ ਵਿੱਚ ਮੌਜੂਦ ਹੋ ਕੇ ਆਪਣਾ ਪੱਖ ਦੇਣ। ਨਾਲ ਹੀ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ‘ਚੋਂ ਕੋਈ ਵੀ ਮੌਜੂਦ ਹੋਣ ‘ਚ ਨਾਕਾਮ ਰਿਹਾ ਤਾਂ ਉਸ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here