ਰੇਲ ਵਿਭਾਗ ਨੇ ਆਪਣੇ ਖਰਚਿਆਂ ‘ਚ ਕਟੌਤੀ ਕਰਨ ਲਈ ਇੱਕ ਅਨੋਖਾ ਢੰਗ ਲੱਭਿਆ ਹੈ। ਹੁਣ ਆਪਣੇ ਅਧਿਕਾਰੀਆਂ ਦੇ ਖਰਚੇ ‘ਤੇ ਰੋਕ ਲਗਾਉਣ ਲਈ ਮੰਤਰਾਲੇ ਨੇ ਮੀਟਿੰਗ ਦੌਰਾਨ ਚਾਹ ਅਤੇ ਸਨੈਕਸ ‘ਤੇ ਹੋਣ ਵਾਲੇ ਖਰਚੇ ਦੀ ਸੀਮਾ ਤੈਅ ਕਰ ਦਿੱਤੀ ਹੈ। ਇਸ ਪ੍ਰਕਾਰ ਇਸ ਫੈਸਲੇ ਨਾਲ ਰੇਲ ਮੰਤਰਾਲਾ ਫਾਲਤੂ ਦੇ ਖਰਚੇ ਤੋਂ ਬਚ ਪਾਏਗਾ। ਇਸ ਤੋਂ ਪਹਿਲਾਂ ਸਰਕਾਰੀ ਮੀਟਿੰਗਾਂ ‘ਚ ਅਧਿਕਾਰੀਆਂ ਦੇ ਚਾਹ-ਨਾਸ਼ਤੇ ‘ਤੇ ਖਰਚੇ ਦੀ ਕੋਈ ਸੀਮਾ ਨਹੀਂ ਸੀ। ਇਸ ਦੇ ਨਾਲ ਹੀ ਰੇਲ ਮੰਤਰਾਲੇ ਦਾ ਇਹ ਹੁਕਮ 1 ਨਵੰਬਰ 2021 ਤੋਂ ਲਾਗੂ ਹੋਣ ਜਾ ਰਿਹਾ ਹੈ।
ਇਸ ਨਵੇਂ ਹੁਕਮ ਅਨੁਸਾਰ ਸੈਕਸ਼ਨ ਅਫ਼ਸਰ ਅਤੇ ਉਨ੍ਹਾਂ ਦੇ ਬਰਾਬਰ ਦੇ ਅਧਿਕਾਰੀ ਕਿਸੇ ਵੀ ਮੀਟਿੰਗ ਦੌਰਾਨ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 500 ਰੁਪਏ ਖਰਚ ਕਰ ਸਕਣਗੇ। ਜੇਕਰ ਰੇਲਵੇ ਮੰਤਰਾਲੇ ਦੀ ਮੰਨੀਏ ਤਾਂ ਉਹਨਾਂ ਦੇ ਵੱਲੋਂ ਇਹ ਬਿਆਨ ਆਇਆ ਹੈ ਕਿ ਰੇਲਵੇ ਵਿੱਚ ਫਜ਼ੂਲ ਖਰਚੀ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤਹਿਤ ਅੰਡਰ ਸੈਕਟਰੀ ਅਤੇ ਡਿਪਟੀ ਡਾਇਰੈਕਟਰ ਰੈਂਕ ਦੇ ਅਧਿਕਾਰੀਆਂ ਲਈ ਇਹ ਸੀਮਾ 800 ਰੁਪਏ ਰੱਖੀ ਗਈ ਹੈ।
ਇਸ ਤੋਂ ਇਲਾਵਾ ਡਿਪਟੀ ਸਕੱਤਰ ਅਤੇ ਡਾਇਰੈਕਟਰ ਰੈਂਕ ਦੇ ਅਧਿਕਾਰ ਇੱਕ ਮਹੀਨੇ ਵਿੱਚ 1200 ਤੱਕ ਖਰਚ ਕਰ ਸਕਣਗੇ। ਡਾਇਰੈਕਟਰ ਰੈਂਕ ਦੇ ਅਧਿਕਾਰੀਆਂ ਲਈ ਇਹ ਸੀਮਾ 1500 ਰੁਪਏ ਰੱਖੀ ਗਈ ਹੈ। ਸੰਯੁਕਤ ਸਕੱਤਰ ਅਤੇ ਕਾਰਜਕਾਰੀ ਨਿਰਦੇਸ਼ਕ ਲਈ ਇਹ ਰਕਮ 2500 ਰੁਪਏ ਹੋਵੇਗੀ।
ਰੇਲਵੇ ਦੇ ਪ੍ਰਮੁੱਖ ਕਾਰਜਕਾਰੀ ਨਿਰਦੇਸ਼ਕ ਅਤੇ ਸਲਾਹਕਾਰ ਰੈਂਕ ਦੇ ਅਧਿਕਾਰੀ ਇੱਕ ਮਹੀਨੇ ਵਿੱਚ ਚਾਹ ਅਤੇ ਸਨੈਕਸ ‘ਤੇ ਵੱਧ ਤੋਂ ਵੱਧ 4000 ਰੁਪਏ ਖਰਚ ਕਰ ਸਕਣਗੇ। ਇਸ ਸੰਬੰਧੀ ਰੇਲ ਮੰਤਰਾਲੇ ਵੱਲੋਂ ਇੱਕ ਆਦੇਸ਼ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਰੇਲਵੇ ਬੋਰਡ ਦੇ ਵਾਧੂ ਮੈਂਬਰਾਂ ਲਈ ਇਹ ਸੀਮਾ 5000 ਰੁਪਏ ਰੱਖੀ ਗਈ ਹੈ। ਇਸ ਹੁਕਮ ਵਿੱਚ ਰੇਲਵੇ ਬੋਰਡ ਤੋਂ ਸਿਰਫ਼ ਚੇਅਰਮੈਨ ਅਤੇ ਬੋਰਡ ਮੈਂਬਰਾਂ ਲਈ ਖਰਚੇ ਦੀ ਰਕਮ ਤੈਅ ਨਹੀਂ ਕੀਤੀ ਗਈ ਹੈ।