ਰੂਪਨਗਰ ‘ਚ ਮਾਲਗੱਡੀ ਦੇ ਡੱਬੇ ਪਲਟ ਗਏ ਹਨ। ਰੂਪਨਗਰ ਦੇ ਨੇੜੇ ਪਿੰਡ ਕੋਟਲਾ ਨਿਹੰਗ ਕੋਲ ਮਾਲ ਰੇਲ ਗੱਡੀ ਟਰੈਕ ਤੋਂ ਪਲਟ ਗਈ। ਹਾਦਸੇ ਵਿੱਚ ਮਾਲਗੱਡੀ ਦੀਆਂ 16 ਬੋਗੀਆਂ ਪਲਟੀਆਂ ਹਨ। ਆਵਾਰਾ ਪਸ਼ੂਆਂ ਦੇ ਇੰਜਣ ਅੱਗੇ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਰੇਲਵੇ ਲਾਈਨ ਉੱਤੇ ਸਾਨ੍ਹਾਂ ਦਾ ਝੁੰਡ ਆਉਣ ਕਾਰਨ ਪਲਟ ਗਈ। ਮਾਲਗੱਡੀ ਥਰਮਲ ਪਲਾਂਟ ਤੋਂ ਨਿਕਲੀ ਸੀ। ਹਾਦਸੇ ਕਾਰਨ ਰੇਲ ਆਵਾਜਾਈ ਠੱਪ ਹੋ ਗਈ ਹੈ। ਚੰਡੀਗੜ੍ਹ-ਊਨਾ ਮਾਰਗ ਤੇ ਰੇਲ ਆਵਾਜਾਈ ਠੱਪ ਹੋਈ ਹੈ। ਕਈ ਟਰੇਨਾਂ ਨੂੰ ਰੱਦ ਕੀਤਾ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ। ਇਸ ਮਾਲ ਗੱਡੀ ਤੋਂ ਕੁੱਝ ਹੀ ਸਮਾਂ ਪਹਿਲਾ ਸਵਾਰੀ ਗੱਡੀ ਜੋ ਕਿ ਦਿੱਲੀ ਦੇ ਲਈ ਰਵਾਨਾ ਹੋਈ ਸੀ ਉਹ ਗੱਡੀ ਸੁਰੱਖਿਅਤ ਲੰਘ ਗਈ।
ਇਸ ਹਾਦਸੇ ਕਾਰਨ ਮਾਲ ਗੱਡੀ ਦੇ 16 ਡੱਬੇ ਉਤਰ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਲ ਗੱਡੀ ਦਾ ਇੰਜਣ ਰੇਲਵੇ ਟਰੈਕ ‘ਤੇ ਆਵਾਰਾ ਪਸ਼ੂਆਂ ਨਾਲ ਟਕਰਾ ਗਿਆ। ਮਾਲ ਗੱਡੀ ਦੇ 58 ਡੱਬੇ ਸਨ, ਜਿਨ੍ਹਾਂ ਵਿੱਚੋਂ 16 ਡੱਬੇ ਪਟੜੀ ਤੋਂ ਉਤਰ ਗਏ। ਇਸ ਤੋ ਇਲਾਵਾ ਬਿਜਲੀ ਦੀਆਂ ਤਾਰਾ ਤੇ ਖੰਭਿਆਂ ਦਾ ਵੀ ਨੁਕਸਾਨ ਹੋ ਗਿਆ।
ਜੈਪੁਰ ਅਤੇ ਦਿੱਲੀ ਤੋਂ ਦੋ ਮਾਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਨੰਗਲ ਡੈਮ ਤੋਂ ਅੰਮ੍ਰਿਤਸਰ ਜਾਣ ਵਾਲੀ ਰੇਲ ਗੱਡੀ ਵੀ ਰੱਦ ਕਰ ਦਿੱਤੀ ਗਈ ਹੈ। ਜਨ ਸ਼ਤਾਬਦੀ ਸਮੇਤ ਦਰਜਨ ਦੇ ਕਰੀਬ ਯਾਤਰੀ ਟਰੇਨਾਂ ਰੱਦ ਰਹੀਆਂ। ਡੀਆਰਐਮ ਅੰਬਾਲਾ ਗੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਅਤੇ ਅੱਜ ਸ਼ਾਮ ਤੱਕ ਰੇਲ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ।