ਪੱਛਮੀ ਯੂਰਪ ਵਿਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਇਸ ਹੜ੍ਹ ਕਾਰਨ ਅਨੇਕਾਂ ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਵਿਨਾਸ਼ਕਾਰੀ ਹੜ੍ਹ ਨਾਲ ਮਰਨ ਵਾਲੇ ਲੋਕਾਂ ਦੀ ਸੰਖਿਆ 180 ਤੋਂ ਪਾਰ ਹੋ ਗਈ ਹੈ। ਹੜ੍ਹ ਦਾ ਪਾਣੀ ਘਟਣ ਦੇ ਬਾਅਦ ਬਚਾਅ ਕਰਮੀ ਮਲਬੇ ਵਿਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ। ਉੱਥੇ ਹੀ ਇਸ ਹੜ੍ਹ ਨਾਲ 8 ਬਿਲੀਅਨ ਯੂਰੋ (ਕਰੀਬ 70,600 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਸਭ ਤੋਂ ਜ਼ਿਆਦਾ ਨੁਕਸਾਨ ਜਰਮਨੀ ਵਿਚ ਹੋਇਆ ਹੈ। ਉੱਥੇ ਕਈ ਸੜਕਾਂ ਅਤੇ ਬ੍ਰਿਜ ਟੁੱਟ ਗਏ।
ਯੂਰਪ ਵਿਚ ਇਸ ਤਬਾਹੀ ਨੂੰ ਸਾਫ਼ ਕਰਨ ਵਿਚ ਹੀ 1 ਬਿਲੀਅਨ ਯੂਰੋ (ਕਰੀਬ 8823 ਕਰੋੜ ਰੁਪਏ) ਖ਼ਰਚ ਹੋਣ ਦਾ ਅਨੁਮਾਨ ਹੈ। ਉੱਥੇ ਹੀ ਜਰਮਨੀ ਦੀ ਮਦਦ ਕਰਨ ਲਈ ਗੁਆਂਢੀ ਦੇਸ਼ਾਂ ਨੇ ਮਦਦ ਦਾ ਹੱਥ ਵਧਾਇਆ ਹੈ।ਕੋਈ ਦੇਸ਼ ਆਪਣੀ ਫ਼ੌਜ ਭੇਜ ਰਿਹਾ ਹੈ ਤਾਂ ਕਿਸੇ ਦੇਸ਼ ਦੇ ਲੋਕ ਖ਼ੁਦ ਮਦਦ ਕਰਨ ਲਈ ਪਹੁੰਚ ਰਹੇ ਹਨ।
ਜਲਵਾਯੂ ਵਿਗਿਆਨੀਆਂ ਦਾ ਕਹਿਣਾ ਹੈ ਕਿ ਖਤਰਨਾਕ ਮੌਸਮ ਸਥਿਤੀ ਅਤੇ ਤਾਪਮਾਨ ਵਿਚ ਵਾਧੇ ਦਾ ਸੰਬੰਧ ਗਲਤ ਨਹੀਂ ਹੈ ਅਤੇ ਜਲਵਾਯੂ ਪਰਿਵਰਤਣ ਨਾਲ ਨਜਿੱਠਣ ਲਈ ਜਲਦੀ ਤੋਂ ਜਲਦੀ ਕਦਮ ਚੁੱਕਣ ਦੀ ਲੋੜ ਹੈ। ਵਿਗਿਆਨੀਆਂ ਨੇ ਕਿਹਾ ਕਿ ਉਹ ਤੁਰੰਤ ਯਕੀਨੀ ਤੌਰ ‘ਤੇ ਇਹ ਨਹੀਂ ਕਹਿ ਸਕਦੇ ਹਨ ਕਿ ਜਲਵਾਯੂ ਤਬਦੀਲੀ ਕਾਰਨ ਹੜ੍ਹ ਆਇਆ ਪਰ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਭਰ ਵਿਚ ਜਿਹੜੀ ਖਤਰਨਾਕ ਮੌਸਮ ਸਥਿਤੀ ਦੇਖੀ ਜਾ ਰਹੀ ਹੈ ਉਹ ਜ਼ਰੂਰ ਇਸ ਦੀ ਵਜ੍ਹਾ ਹੋ ਸਕਦੀ ਹੈ।