ਭਾਰਤ ਸਰਕਾਰ ਨੇ ਕਿਹਾ ਹੈ ਕਿ ਯੂਕ੍ਰੇਨ-ਰੂਸ ਸਰਹੱਦ ‘ਤੇ ਤਣਾਅ ਵਧਣ ਕਾਰਨ ਖੇਤਰ ਦੀ ਸੁਰੱਖਿਆ ਅਤੇ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ, ਇਸ ਲਈ ਯੂਕ੍ਰੇਨ ਵਿਚ 20,000 ਤੋਂ ਵੱਧ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਉਸ ਦੀ ਸਰਵਉੱਚ ਤਰਜੀਹ ਹੈ। ਸੋਮਵਾਰ ਨੂੰ ਹੋਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੀ ਬੈਠਕ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਰਤੀ ਨੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ‘ਤੇ ਜ਼ੋਰ ਦਿੱਤਾ ਅਤੇ ਕਿਹਾ, “ਸਾਡੇ ਨਾਗਰਿਕਾਂ ਦੀ ਭਲਾਈ ਸਾਡੀ ਤਰਜੀਹ ਹੈ।”
ਰੂਸ ਵੱਲੋਂ ਯੂਕਰੇਨ ਦੇ ਦੋ ਸੂਬਿਆਂ ਨੂੰ ਆਜ਼ਾਦ ਦੇਸ਼ ਐਲਾਨੇ ਜਾਣ ਤੋਂ ਬਾਅਦ ਤਣਾਅ ਵਧ ਗਿਆ ਹੈ। ਯੂਕਰੇਨ ਅਤੇ ਇਸ ਦੇ ਸਰਹੱਦੀ ਖੇਤਰਾਂ ਵਿੱਚ 20 ਹਜ਼ਾਰ ਤੋਂ ਵੱਧ ਭਾਰਤੀ ਰਹਿੰਦੇ ਹਨ, ਜਿਨ੍ਹਾਂ ਨੂੰ ਸਰਕਾਰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਕੜੀ ਵਿੱਚ ਮੰਗਲਵਾਰ ਸਵੇਰੇ ਏਅਰ ਇੰਡੀਆ ਦੀ ਇੱਕ ਵਿਸ਼ੇਸ਼ ਉਡਾਣ ਯੂਕਰੇਨ ਲਈ ਰਵਾਨਾ ਕੀਤੀ ਗਈ ਹੈ। ਯੂਕਰੇਨ ਤੋਂ 256 ਭਾਰਤੀ ਵਿਦਿਆਰਥੀ ਦੇਸ਼ ਪਰਤਣਗੇ।
ਇਹ ਉਡਾਣ ਅੱਜ ਰਾਤ 10.15 ਵਜੇ ਦੇਸ਼ ਪਰਤੇਗੀ। ਏਅਰ ਇੰਡੀਆ ਦੀ ਉਡਾਣ ਡ੍ਰੀਮਲਾਈਨਰ ਬੀ-787 ਨੂੰ ਯੂਕਰੇਨ ਭੇਜਿਆ ਗਿਆ ਹੈ ਅਤੇ ਇਸ ਵਿੱਚ 200 ਯਾਤਰੀਆਂ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਚਾਰ ਹੋਰ ਉਡਾਣਾਂ ਚਲਾਈਆਂ ਜਾਣਗੀਆਂ। ਇੱਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਭਾਰਤੀ ਦੂਤਾਵਾਸ ਨੇ ਕਿਹਾ ਕਿ ਕੀਵ ਤੋਂ ਦਿੱਲੀ ਲਈ ਚਾਰ ਉਡਾਣਾਂ 25 ਫਰਵਰੀ, 27 ਫਰਵਰੀ ਅਤੇ 6 ਮਾਰਚ 2022 ਨੂੰ ਸੰਚਾਲਿਤ ਹੋਣਗੀਆਂ।