ਮਾਰੂ ਸਮਝੌਤਿਆਂ ਨਾਲ ਲੋਕਾਂ ਅਤੇ ਸਰਕਾਰੀ ਖ਼ਜ਼ਾਨੇ ਦੀ ਹੋ ਰਹੀ ਹੈ ਲੁੱਟ : ਹਰਪਾਲ ਸਿੰਘ ਚੀਮਾ

0
55

‘ਆਪ’ ਨੇ ਮਾਰੂ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਕਰਨ ’ਚ ਫ਼ੇਲ ਕੈਪਟਨ ਅਮਰਿੰਦਰ ਸਿੰਘ ਦੇ ਸੂਬਾ ਭਰ ’ਚ ਪੁੱਤਲੇ ਫੂਕੇ

ਮਿਲੀਭੁਗਤ ਕਾਰਨ ਕੈਪਟਨ ਨੇ ਮਾਰੂ ਸਮਝੌਤਿਆਂ ਸੰਬੰਧੀ ਬਾਦਲਾਂ ਖਿਲਾਫ਼ ਨਹੀਂ ਕੀਤੀ ਕਾਰਵਾਈ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਾਰੂ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਕਰਨ ’ਚ ਫ਼ੇਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਲੇ ਫੂਕੇ। ਅੱਜ (ਮੰਗਲਵਾਰ) ਪਟਿਆਲਾ, ਜਲੰਧਰ ਲੁਧਿਆਣਾ, ਮੋਹਾਲੀ, ਅੰਮ੍ਰਿਤਸਰ, ਰੋਪੜ ਅਤੇ ਗੁਰਦਾਸਪੁਰ ਸਮੇਤ ਸੂਬਾ ਭਰ ’ਚ ‘ਆਪ’ ਆਗੂਆਂ ਅਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਅੱਗੇ ਧਰਨੇ ਲਾ ਕੇ ਕੈਪਟਨ ਅਮਰਿੰਦਰ ਸਿੰਘ ’ਤੇ ਬਿਜਲੀ ਸਮਝੌਤੇ ਰੱਦ ਕਰਨ ਦੇ ਵਾਅਦੇ ਤੋਂ ਮੁੱਕਰਨ ਦੇ ਦੋਸ਼ ਲਾਏ ਅਤੇ ਉਨ੍ਹਾਂ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ।

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਨਿੱਜੀ ਬਿਜਲੀ ਕੰਪਨੀਆਂ ਦੇ ਨਾਲ ਬਾਦਲਾਂ ਵੱਲੋਂ ਕੀਤੇ ਪੰਜਾਬ ਮਾਰੂ ਬਿਜਲੀ ਸਮਝੌਤੇ ਰੱਦ ਕਰਨ ਤੋਂ ਭੱਜ ਗਈ ਹੈ, ਪਰ ਕਾਂਗਰਸੀ ਝੂਠੀ ਬਿਆਨਬਾਜੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਚੀਮਾ ਨੇ ਕਿਹਾ, ‘‘2017 ਦੀਆਂ ਚੋਣਾ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਵਾਸੀਆ ਨਾਲ ਅਨੇਕਾਂ ਵਾਅਦੇ ਕੀਤੇ ਸਨ। ਜਿਨਾਂ ਵਿੱਚ ਮਾਰੂ ਬਿਜਲੀ ਸਮਝੌਤੇ ਰੱਦ ਕਰਨਾ ਵੀ ਸ਼ਾਮਲ ਸੀ, ਪਰ ਸੱਤਾ ਪਾ ਕੇ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਤੋਂ ਮੁਕਰ ਗਏ ਹਨ ਅਤੇ ਉਨ੍ਹਾਂ ਪੰਜਾਬ ਵਾਸੀਆਂ ਨਾਲ ਧੋਖ਼ਾ ਕੀਤਾ ਹੈ।’’

ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਨੇ ਚੋਣ ਰੈਲੀਆਂ ਅਤੇ ਪੰਜਾਬ ਵਿਧਾਨ ਸਭਾ ’ਚ ਮਾਰੂ ਬਿਜਲੀ ਸਮਝੌਤਿਆਂ ਬਾਰੇ ਵਾਈਟ ਪੇਪਰ ਪੇਸ਼ ਕਰਨ ਦਾ ਵਾਅਦਾ ਵੀ ਕੀਤਾ ਸੀ, ਪਰ ਬਾਦਲਾਂ ਅਤੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲੀਭੁਗਤ ਕਾਰਨ ਕੈਪਟਨ ਨੇ ਵਾਈਟ ਪੇਪਰ ਪੇਸ਼ ਕਰਨ ਤੋਂ ਵੀ ਪਾਸਾ ਵੱਟ ਲਿਆ ਅਤੇ ਬਿਜਲੀ ਮਾਫ਼ੀਆ ਦਾ ਸਮਰਥਨ ਕਰ ਦਿੱਤਾ ਹੈ। ਇਸੇ ਮਿਲੀਭੁਗਤ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਾਲੇ ਬਾਦਲਾਂ ਅਤੇ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਚੀਮਾ ਨੇ ਦੋਸ਼ ਲਾਇਆ, ‘‘ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਹਿੱਤਾਂ ਨੂੰ ਨਿੱਜੀ ਬਿਜਲੀ ਕੰਪਨੀਆਂ ਕੋਲ ਉਸੇ ਤਰ੍ਹਾਂ ਵੇਚ ਦਿੱਤਾ, ਜਿਵੇਂ ਅਕਾਲੀ-ਭਾਜਪਾ ਸਰਕਾਰ ਨੇ ਵੇਚ ਕੇ ਮੋਟੀ ਦਲਾਲੀ ਪ੍ਰਾਪਤ ਕੀਤੀ ਸੀ।’’ ਉਨ੍ਹਾਂ ਸਵਾਲ ਕੀਤਾ ਕਿ ਬਾਦਲਾਂ ਦੇ ਰਾਜ ਤੋਂ ਲੈ ਕੇ ਕਾਂਗਰਸ ਦੇ ਸਾਢੇ ਚਾਰ ਸਾਲਾਂ ਦੇ ਰਾਜ ਤੱਕ ਪੰਜਾਬ ਦੇ ਲੋਕਾਂ ਅਤੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਵਾਲੀਆਂ ਕੰਪਨੀਆਂ ਤੋਂ ਹਿਸਾਬ ਕੌਣ ਲਏਗਾ?

ਚੀਮਾ ਨੇ ਕਿਹਾ ਕਿ ਜੇ ਸੱਤਾਧਾਰੀ ਕਾਂਗਰਸ ਪੰਜਾਬ ਦੀ ਹਿਤੈਸ਼ੀ ਹੁੰਦੀ ਤਾਂ ‘ਆਪ’ ਵੱਲੋਂ ਮਾਰੂ ਬਿਜਲੀ ਸਮਝੌਤੇ ਰੱਦ ਕਰਨ ਲਈ ਵਿਧਾਨ ਸਭਾ ’ਚ ਪੇਸ਼ ਕੀਤੇ ਪ੍ਰਾਈਵੇਟ ਮੈਂਬਰ ਬਿਲ ਨੂੰ ਸਵੀਕਾਰ ਕਰਦੀ ਅਤੇ ਉਸ ’ਤੇ ਚਰਚਾ ਕਰਾਉਂਦੀ। ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪਹਿਲੇ ਹੀ ਮਹੀਨੇ ’ਚ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਮਾਰੂ ਸਮਝੌਤੇ ਰੱਦ ਕੀਤੇ ਜਾਣਗੇ ਅਤੇ ਨਿੱਜੀ ਬਿਜਲੀ ਮਾਫ਼ੀਆ ਨੂੰ ਦਿੱਲੀ ਦੀ ਅਰਵਿੰਦ ਕੇਜਰਵਾਲ ਸਰਕਾਰ ਦੀ ਤਰ੍ਹਾਂ ਨੱਥ ਪਾਈ ਜਾਵੇਗੀ।

LEAVE A REPLY

Please enter your comment!
Please enter your name here