ਨਵੀਂ ਦਿਲੀ/ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ 27 ਜੁਲਾਈ ਭਾਰਤ ਪਹੁੰਚ ਗਏ ਹਨ। ਇਸ ਦੌਰਾਨ ਉਨ੍ਹਾਂ ਦੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਅਹਿਮ ਮੁੱਦਿਆਂ ’ਤੇ ਅਹਿਮ ਵਿਚਾਰ-ਵਟਾਂਦਰਾ ਕਰਨਗੇ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੀ ਇਹ ਯਾਤਰਾ ਕਈ ਮਾਈਨਿਆਂ ‘ਚ ਅਹਿਮ ਹੈ। ਇਸ ਦੌਰਾਨ ਉਹ ਦੋ-ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਅਫਗਾਨਿਸਤਾਨ ’ਚ ਤੇਜ਼ੀ ਨਾਲ ਬਦਲ ਰਹੀ ਸੁਰੱਖਿਆ ਸਥਿਤੀ ਉੱਤੇ ਵਿਚਾਰ-ਵਟਾਂਦਰਾ ਅਤੇ ਕਵਾਡ ਵਿਧੀ ਅਧੀਨ ਹਿੰਦ-ਪ੍ਰਸ਼ਾਂਤ ਖੇਤਰ ’ਚ ਸਹਿਯੋਗ ਵਧਾਉਣ ਵਰਗੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਗੇ।
ਭਾਰਤ ਰਵਾਨਾ ਹੋਣ ਤੋਂ ਪਹਿਲਾਂ ਬਲਿੰਕਨ ਨੇ ਟਵੀਟ ਕੀਤਾ, ‘‘ਨਵੀਂ ਦਿੱਲੀ ਅਤੇ ਕੁਵੈਤ ਸ਼ਹਿਰ ਦੀ ਆਪਣੀ ਯਾਤਰਾ ’ਤੇ ਰਵਾਨਾ ਹੋ ਰਿਹਾ ਹਾਂ। ਹਿੰਦ-ਪ੍ਰਸ਼ਾਂਤ ਅਤੇ ਪੱਛਮੀ ਏਸ਼ੀਆ ’ਚ ਆਪਣੇ ਸਾਂਝੇ ਹਿੱਤਾਂ ਦੇ ਮੱਦੇਨਜ਼ਰ ਸਹਿਯੋਗ ਨੂੰ ਹੋਰ ਵਧਾਉਣ ਲਈ ਅਮਰੀਕਾ ਦੇ ਭਾਈਵਾਲਾਂ ਨਾਲ ਵਿਚਾਰ-ਵਟਾਂਦਰੇ ਲਈ ਉਤਸੁਕ ਹਾਂ।’’ਅਮਰੀਕੀ ਵਿਦੇਸ਼ ਮੰਤਰੀ ਦੇ ਤੌਰ ’ਤੇ ਕਾਰਜਭਾਰ ਸੰਭਾਲਣ ਤੋਂ ਬਾਅਦ ਬਲਿੰਕਨ ਦੀ ਇਹ ਪਹਿਲੀ ਤੇ ਜਨਵਰੀ ’ਚ ਬਾਈਡੇਨ ਪ੍ਰਸ਼ਾਸਨ ਦੇ ਸੱਤਾ ’ਚ ਆਉਣ ਤੋਂ ਬਾਅਦ ਉਸ ਦੇ ਕਿਸੇ ਉੱਚ ਪੱਧਰੀ ਅਧਿਕਾਰੀ ਦੀ ਤੀਜੀ ਭਾਰਤ ਯਾਤਰਾ ਹੈ।
ਉਨ੍ਹਾਂ ਤੋਂ ਪਹਿਲਾਂ ਮਾਰਚ ’ਚ ਅਮਰੀਕਾ ਦੇ ਰੱਖਿਆ ਸਕੱਤਰ ਲੋਇਡ ਆਸਟਿਨ ਅਤੇ ਅਪ੍ਰੈਲ ’ਚ ਜਲਵਾਯੂ ਪਰਿਵਰਤਨ ’ਤੇ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜਾਨ ਕੇਰੀ ਨੇ ਭਾਰਤ ਦੀ ਯਾਤਰਾ ਕੀਤੀ ਸੀ। ਅਮਰੀਕੀ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ ਦੇ ਏਜੰਡੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਅਫਗਾਨਿਸਤਾਨ ’ਚ ਤੇਜ਼ੀ ਨਾਲ ਬਦਲ ਰਹੀ ਸੁਰੱਖਿਆ ਸਥਿਤੀ ਅਤੇ ਕਵਾਡ ਮੈਕੇਨਿਜ਼ਮ ਅਧੀਨ ਹਿੰਦ-ਪ੍ਰਸ਼ਾਂਤ ਖੇਤਰ ’ਚ ਸਹਿਯੋਗ ਨੂੰ ਵਧਾਉਣ ਵਰਗੇ ਵਿਸ਼ਿਆਂ ’ਤੇ ਡੂੰਘਾਈ ਨਾਲ ਚਰਚਾ ਹੋਵੇਗੀ।