ਭਾਰਤ ਬਾਇਓਟੇਕ ਕੰਪਨੀ ਨੇ ਕੋਵੈਕਸੀਨ ਦਾ ਨਿਰਯਾਤ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਨਵੰਬਰ ’ਚ ਲੰਬੇ ਸਮੇਂ ਤੋਂ ਪੈਂਡਿੰਗ ਨਿਰਯਾਤ ਆਰਡਰ ਨਿਪਟਾਏ ਹਨ। ਭਾਰਤ ਬਾਇਓਟੇਕ ਨੇ ਬੀਤੇ ਦਿਨੀ ਟਵੀਟ ਕੀਤਾ,‘‘ਨਵੰਬਰ ’ਚ ਲੰਬੇ ਸਮੇਂ ਤੋਂ ਪੈਂਡਿੰਗ ਨਿਰਯਾਤ ਆਰਡਰਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਆਉਣ ਵਾਲੇ ਮਹੀਨਿਆਂ ’ਚ ਨਿਰਯਾਤ ਨੂੰ ਹੋਰ ਤੇਜ਼ੀ ਨਾਲ ਵਧਾਇਆ ਜਾਵੇਗਾ। ਇਸ ਦੇ ਨਾਲ ਹੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਵੱਡੀ ਗਿਣਤੀ ’ਚ ਦੇਸ਼ਾਂ’ਚ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲ ਚੁੱਕੀ ਹੈ। ਅਜਿਹੇ ’ਚ ਦਸੰਬਰ ’ਚ ਕੁਝ ਹੋਰ ਦੇਸ਼ਾਂ ਨੂੰ ਟੀਕੇ ਦਾ ਨਿਰਯਾਤ ਸ਼ੁਰੂ ਕੀਤਾ ਜਾਵੇਗਾ।’’
ਪਰ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਹ ਦਸੰਬਰ ਤੋਂ ਕਿਹੜੇ ਹੋਰ ਦੇਸ਼ਾਂ ਨੂੰ ਟੀਕੇ ਦਾ ਨਿਰਯਾਤ ਸ਼ੁਰੂ ਕਰੇਗੀ। ਟਵੀਟ ’ਚ ਕੰਪਨੀ ਨੇ ਨਿਰਯਾਤ ਦੀ ਮਨਜ਼ੂਰੀ ਦੇਣ ਲਈ ਭਾਰਤ ਸਰਕਾਰ ਦਾ ਆਭਾਰ ਜਤਾਇਆ ਹੈ। ਕੰਪਨੀ ਨੇ ਕਿਹਾ,‘‘ਕੋਵੈਕਸੀਨ ਮਹਾਮਾਰੀ ਵਿਰੁੱਧ ਲੜਾਈ ਦਾ ਇਕ ਅਭਿੰਨ ਹਿੱਸਾ ਬਣ ਗਈ ਹੈ।’’ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ.ਆਈ.ਆਈ.) ਨੇ ਦੱਸਿਆ ਸੀ ਕਿ ਉਸ ਨੇ ਆਪਣੇ ਟੀਕੇ ਕੋਵੀਸ਼ੀਲਡ ਦਾ ਨਿਰਯਾਤ ਸ਼ੁਰੂ ਕਰ ਦਿੱਤਾ ਹੈ।