ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ’ਚ ਦੋਮੋਹੋਨੀ ਦੇ ਨੇੜੇ ਬੀਤੀ ਸ਼ਾਮ ਬੀਕਾਨੇਰ-ਗੁਹਾਟੀ ਰੇਲ ਦੇ 12 ਡੱਬੇ ਪਟੜੀ ਤੋਂ ਉਤਰ ਕੇ ਪਲਟ ਗਏ, ਜਿਸ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 36 ਤੋਂ ਵੱਧ ਲੋਕ ਜ਼ਖਮੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਬਚਾਅ ਕਰਮਚਾਰੀਆਂ ਨੇ ਯਾਤਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। 50 ਐਂਬੂਲੈਂਸ ਮੌਕੇ ’ਤੇ ਮੌਜੂਦ ਸਨ, ਆਲੇ-ਦੁਆਲੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਗਿਆ।
ਗੁਹਾਟੀ ’ਚ ਉੱਤਰ-ਪੂਰਬੀ ਸੂਬਾਈ ਰੇਲਵੇ (ਐੱਨ. ਐੱਫ. ਆਰ.) ਦੇ ਇਕ ਬੁਲਾਰੇ ਨੇ ਕਿਹਾ ਕਿ ਹਾਦਸਾ ਐੱਨ. ਐੱਫ. ਆਰ. ਦੇ ਅਲੀਪੁਰ ਸੰਭਾਗ ਤਹਿਤ ਆਉਂਦੇ ਇਕ ਇਲਾਕੇ ’ਚ ਬੀਤੀ ਸ਼ਾਮ ਨੂੰ ਹੋਇਆ। ਉਨ੍ਹਾਂ ਨੇ ਕਿਹਾ ਕਿ ਹਾਦਸਾ ਅਲੀਪੁਰ ਜੰਕਸ਼ਨ ਤੋਂ 90 ਕਿਲੋਮੀਟਰ ਤੋਂ ਵਧ ਦੂਰੀ ’ਤੇ ਹੋਇਆ।
ਇਸ ਦੀ ਪੁਸ਼ਟੀ ਕਰਦੇ ਹੋਏ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਜੌਹਨ ਬਾਰਲਾ ਨੇ ਮੁਆਇਨਾ ਤੋਂ ਬਾਅਦ ਦੱਸਿਆ ਕਿ 9 ਮੌਤਾਂ ਹੋਈਆਂ ਹਨ ਜਦ ਕਿ 36 ਜ਼ਖਮੀ ਹਨ ਅਤੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਹਨ। ਇਸ ਦੌਰਾਨ ਬਚਾਅ ਕਾਰਜ ਵੀ ਪੂਰਾ ਕਰ ਲਿਆ ਗਿਆ ਹੈ।