ਬਿਕਰਮ ਮਜੀਠੀਆ ਦੀ ਜੁਡੀਸ਼ੀਅਲ ਕਸਟਡੀ ਖ਼ਤਮ, ਅੱਜ ਮੁੜ ਹੋਵੇਗੀ ਮੋਹਾਲੀ ਅਦਾਲਤ ‘ਚ ਪੇਸ਼ੀ

0
55

ਡਰੱਗ ਮਾਮਲੇ ‘ਚ ਫਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਜੁਡੀਸ਼ੀਅਲ ਕਸਟਡੀ ਖਤਮ ਹੋ ਗਈ ਹੈ ਅਤੇ ਉਨ੍ਹਾਂ ਨੂੰ ਅੱਜ ਮੁੜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ 25 ਫਰਵਰੀ ਨੂੰ ਮੋਹਾਲੀ ਦੀ ਸਥਾਨਕ ਅਦਾਲਤ ਨੇ ਜ਼ਮਾਨਤ ਅਰਜ਼ੀ ਖਾਰਜ ਕਰਦਿਆਂ 8 ਮਾਰਚ ਤੱਕ ਜੇਲ੍ਹ ਭੇਜ ਦਿੱਤਾ ਸੀ।

ਡਰੱਗ ਮਾਮਲੇ ‘ਚ ਫਸੇ ਸੀਨੀਅਰ ਅਕਾਲੀ ਆਗੂ ਵੱਲੋਂ 24 ਫਰਵਰੀ ਨੂੰ ਮੋਹਾਲੀ ਅਦਾਲਤ ਵਿੱਚ ਆਤਮਸਮਰਪਣ ਕੀਤਾ ਗਿਆ ਸੀ ਅਤੇ ਮੋਹਾਲੀ ਅਦਾਲਤ ਨੇ ਮਜੀਠੀਆ ਵੱਲੋਂ ਲਾਈ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ। ਇਸ ਦੌਰਾਨ ਮਜੀਠੀਆ ਕੋਲੋਂ ਸਟੇਟ ਕ੍ਰਾਈਮ ਬਰਾਂਚ ਵੱਲੋਂ ਕਈ ਘੰਟੇ ਪੁੱਛਗਿਛ ਵੀ ਕੀਤੀ ਗਈ ਸੀ।

ਉਧਰ ਸਟੇਟ ਕ੍ਰਾਈਮ ਬ੍ਰਾਂਚ ਦੇ ਸੂਤਰਾਂ ਅਨੁਸਾਰ ਉਸ ਵੱਲੋਂ ਅੱਜ ਮੋਹਾਲੀ ਅਦਾਲਤ ਵਿੱਚ ਮਜੀਠੀਆ ਦੀ ਮੁੜ ਪੇਸ਼ੀ ਦੌਰਾਨ ਜੁਡੀਸ਼ੀਅਲ ਰਿਮਾਂਡ ਦੀ ਅਰਜ਼ੀ ਲਾਈ ਜਾਵੇਗੀ। ਜਦਕਿ ਦੂਜੇ ਪਾਸੇ ਮਜੀਠੀਆ ਦੇ ਵਕੀਲਾਂ ਵੱਲੋਂ ਵੀ ਜ਼ਮਾਨਤ ਅਰਜ਼ੀ ਲਾਈ ਜਾਵੇਗੀ।

ਦੱਸਣਯੋਗ ਹੈ ਕਿ ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਿਕਰਮ ਸਿੰਘ ਮਜੀਠੀਆ ਨੂੰ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1985 ਦੇ ਤਹਿਤ ਇੱਕ ਅਪਰਾਧਿਕ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ 23 ਫਰਵਰੀ ਤੱਕ ਗ੍ਰਿਫਤਾਰੀ ਤੋਂ ਸੁਰੱਖਿਆ ਦਿੱਤੀ ਗਈ ਸੀ, ਜੋ ਕਿ ਖਤਮ ਹੋ ਚੁੱਕੀ ਹੈ। ਬਿਕਰਮ ਸਿੰਘ ਮਜੀਠੀਆ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਭਰਾ ਹਨ ਅਤੇ ਅੰਮ੍ਰਿਤਸਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਚੋਣ ਲੜ ਚੁੱਕੇ ਹਨ, ਜਿਸ ਦੇ ਨਤੀਜੇ 10 ਮਾਰਚ ਨੂੰ ਆਉਣਗੇ।

LEAVE A REPLY

Please enter your comment!
Please enter your name here