ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਖਾਸ ਪ੍ਰੋਗਰਾਮ ਲਈ ਪਹੁੰਚੇ। ਜਿੱਥੇ ਉਨ੍ਹਾਂ ਨੇ ਕ੍ਰਿਪਾਲ ਸਿੰਘ ਬਡੂੰਗਰ ਵੱਲੋ ਲਿਖੀ “ਸਾਡੇ ਕੋਮੀ ਹੀਰੇ ਸਿੱਖ ਜਰਨੈਲ” ਦੀ ਕਿਤਾਬ ਰਿਲੀਜ਼ ਕੀਤੀ। ਇਸ ਮੌਕੇ ਜਥੇਦਾਰ ਸਾਹਿਬ ਨੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ‘ਤੇ ਬੋਲਦਿਆਂ ਕਿਹਾ ਕਿ ਇਸ ‘ਤੇ ਰਾਜਨੀਤੀ ਹੋ ਰਹੀ ਹੈ ਅਤੇ RSS ਮੁਖੀ ਮੋਹਨ ਭਾਗਵਤ ਦਾ DNA ਟੈਸਟ ਕਰਵਾਇਆ ਜਾਵੇ ਤਾਂ ਉਹ ਇਰਾਨ ਵਰਗੇ ਦੇਸ਼ ਦੇ ਨਿਕਲਣਗੇ।
ਜਥੇਦਾਰ ਨੇ ਸਰਕਾਰਾਂ ‘ਤੇ ਤੰਜ ਕਸਦਿਆਂ ਕਿਹਾ ਕਿ ਕੋਈ ਵੀ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਨਹੀਂ ਰੋਕ ਰਹੀ, ਸਾਨੂੰ ਲੱਗਦਾ ਹੈ ਕਿ ਸਿੱਖਾਂ ਦੇ ਮਨਾਂ ‘ਚੋ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਤਿਕਾਰ ਘੱਟ ਕਰਨ ਲਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪਰ ਸਿੱਖ ਪੰਥ ਨਾਲ ਜੁੜੇ ਲੋਕਾਂ ਦਾ ਗੁਰੂ ਸਾਹਿਬ ਨਾਲੋਂ ਸਤਿਕਾਰ ਕਦੇ ਘੱਟ ਨਹੀਂ ਹੋਵੇਗਾ। ਜਥੇਦਾਰ ਨੇ ਦੱਸਿਆ ਕਿ ਅਕਾਲੀ ਸਰਕਾਰ ਸਮੇਂ ਸਖ਼ਤ ਧਾਰਾਵਾਂ ਦੇ ਤਹਿਤ ਨਵਾਂ ਕਾਨੂੰਨ ਲਿਆਂਦਾ ਗਿਆ ਸੀ ਪਰ ਉਹ ਵੀ ਵਿੱਚ ਵਿਚਾਲੇ ਹੀ ਰਹਿ ਗਿਆ। ਉਨ੍ਹਾਂ ਕਿਹਾ ਕਿ
ਜੇਕਰ ਸਰਕਾਰ ਸਖ਼ਤ ਕਾਨੂੰਨ ਲਾਗੂ ਕਰ ਦੇਵੇ ਤਾਂ ਬੇਅਦਬੀ ਦੀਆਂ ਘਟਨਾਵਾਂ ਨਹੀਂ ਹੋਣਗੀਆਂ। ਸਖ਼ਤ ਸ਼ਬਦਾਂ ਵਿੱਚ ਬੋਲਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰ ਕਿਸੇ ਚੀਜ ਲਈ ਕਾਨੂੰਨ ਲਿਆਇਆ ਜਾਂਦਾ ਹੈ ਪਰ ਬੇਅਦਬੀ ਦੀਆਂ ਘਟਨਾਵਾਂ ਲਈ ਕਿਉਂ ਨਹੀਂ? ਇਸ ਮੌਕੇ ਜਥੇਦਾਰ ਨੇ ਸੁੱਚਾ ਸਿੰਘ ਲੰਗਾਹ ਦੇ ਸਵਾਲਾ ਦੇ ਜਵਾਬ ਵੀ ਦਿੱਤੇ, ਉਨ੍ਹਾਂ ਕਿਹਾ ਕਿ ਉਹ ਪੰਥ ‘ਚ ਵਾਪਸ ਆਉਣ ਲਈ ਕਈ ਵਾਰ ਕਹਿ ਚੁੱਕੇ ਹਨ, ਪਰ ਫੈਸਲਾ ਜਿਵੇਂ ਸੰਗਤ ਦੀਆਂ ਭਾਵਨਾਵਾਂ ਹੋਣਗੀਆਂ ਉਹੋ ਜਿਹਾ ਹੀ ਹੋਵੇਗਾ।