ਪੰਜਾਬ ਦੇ ਸਾਬਕਾ DGP ਦੇ ਨਾਂ ‘ਤੇ ਫਰਜ਼ੀ ਤਰੱਕੀ, 6 ਵਿਅਕਤੀਆਂ ਖਿਲਾਫ਼ ਕੇਸ ਦਰਜ, 19 ਅਪ੍ਰੈਲ ਨੂੰ ਹੋਵੇਗੀ ਸੁਣਵਾਈ

0
70

ਪੰਜਾਬ ਦੇ ਸਾਬਕਾ DGP ਸਿਧਾਰਥ ਚਟੋਪਾਧਿਆਏ ਦੇ ਨਾਂ ‘ਤੇ ਫਰਜ਼ੀ ਤਰੱਕੀ ਦੇ ਹੁਕਮ ਜਾਰੀ ਕਰਨ ਦੇ ਮਾਮਲੇ ‘ਚ ਹੁਣ 6 ਦੋਸ਼ੀਆਂ ਖਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਸੁਣਵਾਈ ਹੋਵੇਗੀ। ਚੰਡੀਗੜ੍ਹ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਦੋਸ਼ ਪੱਤਰ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਜਾਅਲਸਾਜ਼ੀ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਵਰਗੀਆਂ ਧਾਰਾਵਾਂ ਸ਼ਾਮਲ ਹਨ।

ਜਿਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਚੱਲੇਗਾ, ਉਨ੍ਹਾਂ ਵਿਚ ਸੰਦੀਪ ਕੁਮਾਰ, ਮਨੀ ਕਟੋਚ, ਬਹਾਦਰ ਸਿੰਘ, ਸਤਵੰਤ ਸਿੰਘ, ਸਰਬਜੀਤ ਸਿੰਘ ਅਤੇ ਡੀਜੀਪੀ ਦੇ ਸਾਬਕਾ ਪੀਏ ਕੁਲਵਿੰਦਰ ਸਿੰਘ ਸ਼ਾਮਲ ਹਨ। ਮਾਮਲੇ ਦੇ ਦੋ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸੰਦੀਪ ਕੁਮਾਰ ਅਤੇ ਬਹਾਦਰ ਸਿੰਘ ਡੀਜੀਪੀ ਦਫ਼ਤਰ ਵਿਚ ਸੁਪਰਡੈਂਟ ਵਜੋਂ ਕੰਮ ਕਰ ਰਹੇ ਸਨ। ਉੱਥੇ ਮਨੀ ਕਟੋਚ ਹੈੱਡ ਕਾਂਸਟੇਬਲ ਸੀ।

ਕਰੀਬ 500 ਪੰਨਿਆਂ ਦੀ ਚਾਰਜਸ਼ੀਟ ਵਿਚ ਚੰਡੀਗੜ੍ਹ ਪੁਲਿਸ ਨੇ ਇਸ ਧੋਖਾਧੜੀ ਨੂੰ ਅੰਜਾਮ ਦੇਣ ਅਤੇ ਮੁਲਜ਼ਮਾਂ ਦੀ ਭੂਮਿਕਾ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਗਵਾਹਾਂ ਦੀ ਸੂਚੀ ਵੀ ਸ਼ਾਮਲ ਹੈ। ਪੰਜਾਬ ਪੁਲਿਸ ਦੇ ਡੀਐਸਪੀ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਪੁਲਿਸ ਨੇ 12 ਜਨਵਰੀ ਨੂੰ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਾਂਚ ਵਿਚ ਲਾਭਪਾਤਰੀਆਂ ਵਜੋਂ ਪੰਜਾਬ ਪੁਲਿਸ ਦੇ ਕਾਂਸਟੇਬਲ, ਏਐਸਆਈ, ਐਸਆਈ ਰੈਂਕ ਦੇ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਸਨ।

ਜਾਣਕਾਰੀ ਅਨੁਸਾਰ ਉਨ੍ਹਾਂ ਦੇ ਫਰਜ਼ੀ ਤਰੱਕੀ ਪੱਤਰ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਨਾਂ ‘ਤੇ ਜਾਰੀ ਕੀਤੇ ਗਏ ਸਨ। ਪੰਜਾਬ ਪੁਲਿਸ ਸੇਵਾ ਨਿਯਮਾਂ ਤਹਿਤ ਕੁੱਲ 11 ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਉਤਕਰਸ਼ ਸੇਵਾਵਾਂ ਲਈ ਤਰੱਕੀ ਦਿੱਤੀ ਗਈ ਹੈ। ਜਦੋਂ ਇਨ੍ਹਾਂ ਹੁਕਮਾਂ ਦੀ ਜਾਂਚ ਕੀਤੀ ਗਈ ਤਾਂ ਇਹ ਫਰਜ਼ੀ ਪਾਏ ਗਏ। ਮਾਮਲੇ ਦੀ ਅਗਲੀ ਸੁਣਵਾਈ 19 ਅਪ੍ਰੈਲ ਨੂੰ ਹੋਵੇਗੀ।

 

LEAVE A REPLY

Please enter your comment!
Please enter your name here