ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸੈਕਟਰ-24 ਸਥਿਤ ਇੰਦਰਾ ਹਾਲੀਡੇਅ ਹੋਮ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨਾਲ ਮਾਨਸਿਕ ਤੌਰ ’ਤੇ ਬੀਮਾਰ ਲੋਕਾਂ ਲਈ ‘ਪਰਮਾਨੈਂਟ ਗਰੁੱਪ ਹੋਮ’ ਬਣਾਉਣ ’ਤੇ ਚਰਚਾ ਕੀਤੀ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਮਾਨਸਿਕ ਰੂਪ ਵਿਚ ਬੀਮਾਰ ਲੋਕਾਂ ਲਈ ਸੈਕਟਰ-34 ਵਿਚ 1.25 ਏਕੜ ਜ਼ਮੀਨ ’ਤੇ ‘ਪਰਮਾਨੈਂਟ ਗਰੁੱਪ ਹੋਮ’ ਬਣਾਇਆ ਜਾਣਾ ਚਾਹੀਦਾ ਹੈ ਅਤੇ ਦੋ ਮਹੀਨਿਆਂ ਦੇ ਅੰਦਰ ਨੀਂਹ ਪੱਥਰ ਰੱਖ ਦਿੱਤਾ ਜਾਵੇਗਾ। ਇਸ ਜਗ੍ਹਾ ਨੂੰ ਸੀਨੀਅਰ ਸਿਟੀਜ਼ਨ ਹੋਮ ਬਣਾਉਣ ਲਈ ਚੁਣਿਆ ਗਿਆ ਹੈ।
ਜਦੋਂ ਤੱਕ ਇਹ ‘ਪਰਮਾਨੈਂਟ ਗਰੁੱਪ ਹੋਮ’ ਤਿਆਰ ਨਹੀਂ ਹੁੰਦਾ, ਉਦੋਂ ਤੱਕ ਮਲੋਆ ਵਿਚ ਬਲਾਕ ਆਫ 16 ਸੀ. ਐੱਚ. ਬੀ. ਫਲੈਟਸ ਵਿਚ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇੱਥੇ ਡਾਕਟਰਾਂ, ਨਰਸਾਂ, ਕਾਊਂਸਲਰ, ਸਮਾਜਿਕ ਕਰਮਚਾਰੀਆਂ ਆਦਿ ਸਮੇਤ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਨਿਯੁਕਤ ਕਰ ਕੇ ਸਾਰੀਆਂ ਸਿਹਤ-ਸਹੂਲਤਾਂ ਮੁਹੱਈਆ ਕਰੇਗਾ। ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਦੇ ਅੰਦਰ ਇਸ ਸਹੂਲਤ ਨੂੰ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।
ਪ੍ਰਸ਼ਾਸਕ ਨੇ ਹਾਲੀਡੇਅ ਹੋਮ ਸੋਸਾਇਟੀ ਦੀ ਇਮਾਰਤ ਦਾ ਦੌਰਾ ਕੀਤਾ ਅਤੇ ਕਮਰਿਆਂ ਅਤੇ ਹੋਸਟਲਾਂ ਸਮੇਤ ਬੈੱਡਾਂ ਦੀ ਸਮਰੱਥਾ ਸਬੰਧੀ ਜਾਣਕਾਰੀ ਲਈ। ਉਨ੍ਹਾਂ ਨੇ ਹਾਲੀਡੇਅ ਹੋਮ ਸੋਸਾਇਟੀ ਦੀ ਬਿਲਡਿੰਗ ਵਿਚ ਚੱਲਦੇ ਇੰਦਰਾ ਹਾਲੀਡੇਅ ਹੋਮ ਸਕੂਲ ਦਾ ਵੀ ਦੌਰਾ ਕੀਤਾ ਅਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਨਾਲ ਗੱਲਬਾਤ ਕੀਤੀ।