ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਜਲੰਧਰ ਦੇ ਟਾਊਨ ਹਾਲ ਵਿਖੇ ਵਪਾਰੀ ਵਰਗ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਤੋਂ ਅਰਵਿੰਦ ਕੇਜਰੀਵਾਲ ਨੂੰ ਜਾਣੂੰ ਵੀ ਕਰਵਾਇਆ। ਇਸ ਦੇ ਨਾਲ ਹੀ ਕੇਜਰੀਵਾਲ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਅਰਵਿੰਦੇ ਕਜਰੀਵਾਲ ਦਾ ਅੰਤਰਰਾਸ਼ਟਰੀ ਅਗਰਵਾਲ ਸਨਮਾਨ ਸਭਾ ਪੰਜਾਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਇਸ ਦੌਰਾਨ ਆਪਣੇ ਸੰਬੋਧਨ ’ਚ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ’ਚ ਰੇਡ ਰਾਜ ਨੂੰ ਬੰਦ ਕੀਤਾ ਹੈ ਅਤੇ ਹੋਰ ਵੀ ਵਪਾਰੀਆਂ ਦੇ ਕਈ ਮਸਲੇ ਸੁਲਝਾਏ ਹਨ। ਇਸੇ ਤਰ੍ਹਾਂ ਪੰਜਾਬ ’ਚ ਵੀ ਜੇਕਰ ਲੋਕ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦਿੰਦੇ ਹਨ, ਤਾਂ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਪਾਰ ਨੂੰ ਮਜ਼ਬੂਤ ਕਰਦੇ ਹੋਏ ਇਸ ਦੀ ਤਰੱਕੀ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਦਿੱਲੀ ’ਚ ਵਪਾਰੀ ਵਰਗ ਨੂੰ ਭਾਜਪਾ ਦਾ ਵੋਟ ਬੈਂਕ ਮੰਨਿਆ ਜਾਂਦਾ ਸੀ ਅਤੇ ਵਪਾਰੀ ਸਾਨੂੰ ਵੋਟ ਨਹੀਂ ਦਿੰਦੇ ਸਨ। ਹੁਣ ਅਸੀਂ 5 ਸਾਲ ਦਿੱਲੀ ਦਾ ਦਿਲ ਜਿੱਤ ਲਿਆ ਹੈ ਅਤੇ ਸਾਰੇ ਵਪਾਰੀ ਸਾਨੂੰ ਵੋਟ ਪਾਉਂਦੇ ਹਨ। ਤੁਸੀਂ ਦਿੱਲੀ ਵਾਲਿਆਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਕਿ ਉਥੇ ਕਿੰਨਾ ਕੰਮ ਹੋਇਆ ਹੈ। ਜੇਕਰ ਉਹ ਕਹਿ ਦੇਣ ਕਿ ਅਸੀਂ ਕੋਈ ਕੰਮ ਨਹੀਂ ਕੀਤਾ ਤਾਂ ਸਾਨੂੰ ਵੋਟ ਨਾ ਦੇਣਾ। ਸਾਡੇ ਕੋਲ ਪਲਾਨ ਹੈ, ਨੀਅਤ ਹੈ। ਦਿੱਲੀ ’ਚ ਅਸੀਂ ਵਪਾਰੀਆਂ ’ਤੇ ਰੇਡ ਬੰਦ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਜੇ ਅਸੀਂ ਪੰਜਾਬ ’ਚ ਕੰਮ ਨਾ ਕੀਤਾ ਤਾਂ ਅਗਲੀ ਵਾਰ ਵੋਟਾਂ ਨਹੀਂ ਮੰਗਾਗੇ।
ਦਿੱਲੀ ’ਚ ਕੀਤੇ ਗਏ ਕੰਮਾਂ ਦੀ ਗੱਲ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ’ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਵਜ਼ੀਰਪੁਰ ਫਲਾਈਓਵਰ ਬਣਾਇਆ। ਇਹ ਫਲਾਈਓਵਰ ਸਵਾ 300 ਕਰੋੜ ਦਾ ਬਣਨਾ ਸੀ। ਅਸੀਂ ਇਸ ਫਲਾਈਓਵਰ ਨੂੰ 200 ਕਰੋੜ ’ਚ ਹੀ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਦੋ-ਤਿੰਨ ਹੋਰ ਫਲਾਈਓਵਰ ਕਰਕੇ ਅਸੀਂ 300 ਕਰੋੜ ਬਚਾਏ ਹਨ। ਇਸੇ ਤਰ੍ਹਾਂ ਬਚਾਏ ਗਏ ਪੈਸਿਆਂ ਨਾਲ ਹੀ ਦਿੱਲੀ ਦੇ ਲੋਕਾਂ ਨੂੰ ਮੁਫ਼ਤ ’ਚ ‘ਸੁਰੱਖਿਆ ਚੱਕਰ’ ਦਿੱਤਾ ਗਿਆ ਹੈ, ਉਥੇ ਦਿੱਲੀ ਦੇ ਲੋਕਾਂ ਦਾ ਮੁਫ਼ਤ ’ਚ ਇਲਾਜ ਕੀਤਾ ਜਾ ਰਿਹਾ ਹੈ। ਇਸ ’ਚ ਅਸੀਂ ਕੀ ਗਲਤ ਕੀਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਸਕੂਲਾਂ ’ਚ ਸ਼ਾਨਦਾਰ ਸਿੱਖਿਆ ਦਿੱਤੀ ਜਾ ਰਹੀ ਹੈ। ਅੱਜ ਅਸੀਂ ਉਥੋਂ ਦੇ ਸਰਕਾਰੀ ਸਕੂਲ ਬੇਹੱਦ ਹੀ ਵਧੀਆ ਬਣਾ ਦਿੱਤੇ ਹਨ ਅਤੇ ਗ਼ਰੀਬਾਂ ਦੇ ਬੱਚਿਆਂ ਨੂੰ ਮੁਫ਼ਤ ’ਚ ਸਿੱਖਿਆ ਦੇਣ ਦੇ ਨਾਲ-ਨਾਲ ਮੁਫ਼ਤ ’ਚ ਵਰਦੀਆਂ, ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਬੱਚਿਆਂ ਨੂੰ ਸਹੀ ਸਿੱਖਿਆ ਦੇਣਾ ਹੀ ਤਾਂ ਸਹੀ ਰਾਸ਼ਟਰ ਦਾ ਨਿਰਮਾਣ ਹੈ।