ਕੋਰੋਨਾ ਵਾਇਰਸ ਦਾ ਖਤਰਾ ਅਜੇ ਖਤਮ ਨਹੀਂ ਹੋਇਆ ਕਿ ਇੱਕ ਨਵੀਂ ਆਫ਼ਤ ਸ਼ੁਰੂ ਹੋ ਗਈ ਹੈ। ਇਸ ਦੇ ਚੱਲਦਿਆਂ ਪੰਜਾਬ ‘ਚ ਸਿਹਤ ਵਿਭਾਗ ਨੇ ਲੋਕਾਂ ਨੂੰ ਬੇਨਤੀ ਕਰਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ। ਕਿ ਉਹ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਤੇ ਬਰਤਨਾਂ ਆਦਿ ‘ਚ ਪਾਣੀ ਨਾ ਭਰ ਕੇ ਰੱਖਣ ਕਿਉਂਕਿ ਡੇਂਗੂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਸਿਹਤ ਵਿਭਾਗ ਅਨੁਸਾਰ ਜੁਲਾਈ ਸ਼ੁਰੂ ਤੋਂ ਨਵੰਬਰ ਤੱਕ ਦਾ ਇਸ ਦਾ ਖ਼ਤਰਨਾਕ ਪੀਰੀਅਡ ਮੰਨਿਆ ਜਾਂਦਾ ਹੈ। ਜਦੋਂ ਤੱਕ ਤਾਪਮਾਨ ਥੱਲੇ ਡਿੱਗ ਕੇ 15-16 ਡਿਗਰੀ ਤੱਕ ਨਹੀਂ ਆ ਜਾਂਦਾ, ਉਦੋਂ ਤੱਕ ਇਸ ਦਾ ਜੀਵਨ ਚੱਲਦਾ ਰਹਿੰਦਾ ਹੈ। ਡੇਂਗੂ ਐਂਡੀਜ਼ ਅਜੈਪਿਟ ਨਾਮੀ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਨੂੰ ‘ਟਾਈਗਰ ਮੱਛਰ’ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਉੱਪਰ ਟਾਈਗਰ ਵਰਗੀਆਂ ਧਾਰੀਆਂ ਹੁੰਦੀਆਂ ਹਨ। ਇਸ ਦੀ ਉਮਰ ਇਕ ਮਹੀਨੇ ਤੱਕ ਹੀ ਹੁੰਦੀ ਹੈ ਪਰ ਇਸ ਜੀਵਨ ਕਾਲ ’ਚ ਉਹ 500 ਤੋਂ ਲੈ ਕੇ 1000 ਤੱਕ ਮੱਛਰ ਪੈਦਾ ਕਰ ਸਕਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਮੱਛਰ ਤਿੰਨ ਫੁੱਟ ਤੋਂ ਜ਼ਿਆਦਾ ਉੱਚੀ ਉਡਾਰੀ ਨਹੀਂ ਭਰ ਸਕਦਾ। ਮਾਦਾ ਮੱਛਰ ਕੂਲਰ, ਗਮਲਿਆਂ, ਫਲਾਵਰ ਪੌਟ, ਛੱਤ ’ਤੇ ਪਏ ਪੁਰਾਣੇ ਭਾਂਡਿਆਂ ਅਤੇ ਟਾਇਰ ਆਦਿ ਵਿਚ ਭਰੇ ਪਾਣੀ ਅਤੇ ਆਬਾਦੀ ਦੇ ਆਸ-ਪਾਸ ਟੋਇਆਂ ’ਚ ਜ਼ਿਆਦਾ ਸਮੇਂ ਤੱਕ ਖੜ੍ਹੇ ਸਾਫ ਪਾਣੀ ’ਚ ਆਪਣੇ ਆਂਡੇ ਦਿੰਦੀ ਹੈ। ਇਹ ਇਕ ਵਾਰ ਵਿਚ 100 ਤੋਂ ਲੈ ਕੇ 300 ਤੱਕ ਆਂਡੇ ਦਿੰਦੀ ਹੈ। ਆਂਡਿਆਂ ਤੋਂ ਲਾਰਵਾਂ ਬਣਨ ਵਿਚ 2 ਤੋਂ 7 ਦਿਨ ਲੱਗਦੇ ਹਨ। ਲਾਰਵੇ ਦੇ ਚਾਰ ਦਿਨਾਂ ਬਾਅਦ ਇਹ ਪਪਾ (ਮੱਛਰ ਦੀ ਸ਼ੇਪ) ਬਣ ਜਾਂਦਾ ਹੈ ਅਤੇ 2 ਦਿਨ ਬਾਅਦ ਉੱਡਣ ਲਾਇਕ ਬਣ ਜਾਂਦਾ ਹੈ, ਸਗੋਂ ਇਹ ਚਿਕਨਗੁਣੀਆ, ਯੈਲੋ ਫੀਵਰ ਅਤੇ ਜੀਕਾ ਵਾਇਰਸ ਲਈ ਵੀ ਏਜੰਟ ਦਾ ਕੰਮ ਕਰਦੀ ਹੈ। ਇਨ੍ਹਾਂ ਬਿਮਾਰੀਆਂ ਦਾ ਵਾਇਰਸ ਵੀ ਇਸੇ ਮੱਛਰ ਦੇ ਰਾਹੀਂ ਇਕ ਇਨਫੈਕਟਿਡ ਮਨੁੱਖ ਤੋਂ ਸਿਹਤਮੰਦ ਵਿਅਕਤੀ ਦੇ ਸਰੀਰ ’ਚ ਦਾਖ਼ਲ ਹੁੰਦਾ ਹੈ।









