ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਨਾ ਮੰਨਣ ‘ਤੇ ਬੁੱਧਵਾਰ 18 ਮਈ ਦੁਪਹਿਰ 12 ਵਜੇ ਤੋਂ ਸੂਬੇ ਵਿਚ ਬੱਸਾਂ ਦਾ ਪਹੀਆਂ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ।
ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਬਲਜੀਤ ਸਿੰਘ ਗਿੱਲ, ਖਜ਼ਾਨਚੀ ਬਲਜਿੰਦਰ ਸਿੰਘ ਨੇ ਕਿਹਾ ਕਿ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਸਰਕਾਰ ਹੱਲ ਕੱਢਣ ਦੀ ਬਜਾਏ ਧੱਕੇਸ਼ਾਹੀ ਕਰ ਰਹੀ ਹੈ। ਰੇਸ਼ਮ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਲੰਬੇ ਸਮੇਂ ਤੋਂ ਤਨਖ਼ਾਹਾਂ ਨਹੀਂ ਮਿਲ ਰਹੀਆਂ ਜਿਸ ਕਰਕੇ ਉਨ੍ਹਾਂ 18 ਮਈ ਤੋਂ ਬੱਸਾਂ ਨਾ ਚਲਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਜ਼ਿਆਦਾ ਸਵਾਰੀਆਂ ਹੋਣ ‘ਤੇ ਬੱਸਾਂ ਨੂੰ ਨਾ ਰੋਕਣ, ਬਿਨਾਂ ਰੁਕੇ ਲੰਬੇ ਰੂਟ ‘ਤੇ ਚੱਲਣ ਦੇ ਹੁਕਮ ਦਿੱਤੇ ਜਾ ਰਹੇ ਹਨ।
ਰੇਸ਼ਮ ਸਿੰਘ ਨੇ ਕਿਹਾ ਕਿ 28 ਤੇ 29 ਮਈ ਨੂੰ ਮੁਲਾਜ਼ਮ ਮੰਗਾਂ ਸਬੰਧੀ ਵਿਧਾਇਕਾਂ ਨੂੰ ਮੰਗ ਪੱਤਰ ਦੇਣਗੇ। ਯੂਨੀਅਨ ਨੇ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਕਰਨਾ, ਵਰਕਸ਼ਾਪ ਮੁਲਾਜ਼ਮਾਂ ਨੂੰ ਰੈਗੂਲਰ ਸਟਾਫ ਦੀ ਤਰਜ਼ ‘ਤੇ ਸਰਕਾਰੀ ਛੁੱਟੀਆਂ ਲਾਗੂ ਕਰਨ, ਸਕਿੱਲ ਹਾਈ ਸਕਿੱਲ ਪੇ-ਸਕੇਲ ਲਾਗੂ ਕਰਨ, ਐਡਵਾਂਸ ਬੁਕਿੰਗ ਡਾਟਾ ਐਂਟਰੀ ਅਪਰੇਟਰ ਤੇ ਨਵੇਂ ਭਰਤੀ ਕੀਤੇ ਜਾਣ। ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਦਾ 2500 ਤੋਂ ਵੱਧ 30 ਫ਼ੀਸਦੀ ਵਾਧਾ ਲਾਗੂ ਕੀਤਾ ਜਾਵੇ।
ਮੁਲਾਜ਼ਮਾਂ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ 6 ਜੂਨ ਨੂੰ ਗੇਟ ਰੈਲੀ ਕੀਤੀ ਜਾਵੇਗੀ। ਜਿਸ ਤੋਂ ਬਾਅਦ ਪੀਆਰਟੀਸੀ ਮੁਲਾਜ਼ਮ 8 ਜੂਨ ਤੋਂ 10 ਜੂਨ ਤਕ ਹੜਤਾਲ ‘ਤੇ ਰਹਿਣਗੇ। ਮੁਲਾਜ਼ਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦੀ ਹੱਲ ਕੀਤਾ ਜਾਵੇ। ਕਿਉਂਕਿ ਸੱਤਾ ਵਿਚ ਆਉਣ ਤੋਂ ਪਹਿਲਾਂ ‘ਆਪ’ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਪਰ ਹੁਣ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ।