ਭਗੌੜੇ ਕਾਰੋਬਾਰੀ ਵਿਜੇ ਮਾਲਿਆ, ਨੀਰਵ ਮੋਦੀ, ਮੇਹੁਲ ਚੋਕਸੀ ਦੀ ਕੁੱਲ 9,371 ਕਰੋੜ ਦੀ ਜਾਇਦਾਦ ਉਨ੍ਹਾਂ ਦੇ ਕਾਰਨ ਹੋਏ ਧੋਖਾਧੜੀ ਦੇ ਨੁਕਸਾਨ ਦੀ ਭਰਪਾਈ ਲਈ ਸਰਕਾਰੀ ਬੈਂਕਾਂ ਨੂੰ ਟਰਾਂਸਫਰ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ, ਈਡੀ ਨੇ 8441.5 ਕਰੋੜ ਰੁਪਏ ਦੀ ਅਟੈਚਡ ਪ੍ਰਾਪਰਟੀ ਨੂੰ ਜਨਤਕ ਖੇਤਰ ਦੇ ਬੈਂਕਾਂ ਵਿੱਚ ਟਰਾਂਸਫਰ ਕਰ ਦਿੱਤਾ ਹੈ, ਜਿਨ੍ਹਾਂ ਨੂੰ ਵਿਜੇ ਮਾਲਿਆ, ਨੀਰਵ ਮੋਦੀ ਦੁਆਰਾ ਧੋਖਾਧੜੀ ਕਰਕੇ ਨੁਕਸਾਨ ਹੋਇਆ ਸੀ। ਦੱਸ ਦੇਈਏ ਕਿ ਤਿੰਨ ਭਗੌੜੇ ਕਾਰੋਬਾਰੀਆਂ (ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ) ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਆਪਣੀਆਂ ਕੰਪਨੀਆਂ ਦੇ ਜ਼ਰੀਏ ਵੱਡੀ ਰਕਮ ਦਾ ਗ਼ਲਤ ਤਰੀਕੇ ਨਾਲ ਧੋਖਾ ਦਿੱਤਾ ਹੈ, ਜਿਸ ਕਾਰਨ ਬੈਂਕਾਂ ਨੂੰ ਕੁੱਲ 22,585.83 ਕਰੋੜ ਰੁਪਏ ਦਾ ਘਾਟਾ ਪਿਆ ਹੈ।
ਇਸ ਕੜੀ ਵਿੱਚ ਸੀਬੀਆਈ ਨੇ ਐਫਆਈਆਰ ਦਰਜ ਕੀਤੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਲੈਣ-ਦੇਣ ਦੇ ਅਣਗਿਣਤ ਕੇਸਾਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਜਾਇਦਾਦ ਹੋਣ ਦਾ ਪਤਾ ਲਗਾਇਆ। ਇਸਦੇ ਨਾਲ ਹੀ, ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਤਿੰਨੋਂ ਮੁਲਜ਼ਮਾਂ ਨੇ ਜਾਅਲੀ ਸੰਸਥਾਵਾਂ ਦੀ ਵਰਤੋਂ ਕਰਕੇ ਬਦਲੇ ਵਿੱਚ ਬੈਂਕਾਂ ਦੁਆਰਾ ਮੁਹੱਈਆ ਕਰਵਾਏ ਗਏ ਧਨ ਦਾ ਘਪਲਾ ਕੀਤਾ ਸੀ।
ਮਾਮਲੇ ਵਿੱਚ ਤੁਰੰਤ ਕਦਮ ਚੁੱਕਦਿਆਂ, ਇਨਫੋਰਸਮੈਂਟ ਡਾਇਰੈਕਟੋਰੇਟ ਨੇ 18 ਹਜ਼ਾਰ 170 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜਬਤ ਕਰ ਲਈ ਹੈ, ਜਿਸ ਵਿੱਚ ਵਿਦੇਸ਼ ਵਿੱਚ ਸਥਿਤ 969 ਕਰੋੜ ਰੁਪਏ ਦੀ ਜਾਇਦਾਦ ਸ਼ਾਮਿਲ ਹੈ। ਹੁਣ ਤੱਕ ਜ਼ਬਤ ਕੀਤੀ ਗਈ ਕੁਲ ਸੰਪੱਤੀ ਬੈਂਕਾਂ ਦੇ ਹੋਏ ਨੁਕਸਾਨ ਦਾ 80.45 ਫੀਸਦੀ ਹੈ। ਈਡੀ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਜਾਇਦਾਦ ਦਾ ਵੱਡਾ ਹਿੱਸਾ ਕੁੱਝ ਫਰਜ਼ੀ ਕੰਪਨੀ, ਤੀਜੀ ਧਿਰ ਜਾਂ ਟਰੱਸਟ ਦੇ ਨਾਮ ‘ਤੇ ਰੱਖਿਆ ਗਿਆ ਸੀ।