ਅੱਜ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈ) ਵਿੱਚ ਉਸ ਸਮੇਂ ਹਲਚਲ ਮੱਚ ਗਈ , ਜਦੋਂ ਪੁਲਿਸ ਨੂੰ ਜਹਾਜ਼ ਵਿੱਚ ਬੰਬ ਹੋਣ ਬਾਰੇ ਇੱਕ ਫੋਨ ਆਇਆ।
ਪੁਲਿਸ ਨੂੰ ਇਹ ਜਾਣਕਾਰੀ ਸਵੇਰੇ 7:30 ਵਜੇ ਦੇ ਕਰੀਬ ਇੱਕ ਫੋਨ ਕਾਲ ਰਾਹੀਂ ਮਿਲੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਆਕਾਸ਼ਦੀਪ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ, ਮੁੱਢਲੀ ਜਾਂਚ ਦੇ ਅਧਾਰ ‘ਤੇ ਪੁਲਿਸ ਇਸ ਨੂੰ ਹਾਕਸ ਕਾਲ ਮੰਨ ਰਹੀ ਹੈ।
ਜਾਣਕਾਰੀ ਅਨੁਸਾਰ ਆਕਾਸ਼ ਨੇ ਜਹਾਜ਼ ਵਿੱਚ ਬੈਠ ਕੇ ਹੀ ਜਹਾਜ਼ ਵਿੱਚ ਬੰਬ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ। ਉਸਨੇ ਪੁਲਿਸ ਨੂੰ ਜਹਾਜ਼ ਦੇ ਅੰਦਰੋਂ ਹੀ ਫੋਨ ਕਰਕੇ ਬੰਬ ਬਾਰੇ ਦੱਸਿਆ ਸੀ। ਜਾਂਚ ‘ਚ ਜੁਟੀ ਪੁਲਿਸ ਦਾ ਕਹਿਣਾ ਹੈ ਕਿ ਅਕਾਸ਼ ਦੀਪ ਮਾਨਸਿਕ ਤੌਰ ‘ਤੇ ਬਿਮਾਰ ਹੈ।
ਦਿੱਲੀ ਪੁਲਿਸ ਦੇ ਡੀਸੀਪੀ ਦਾ ਕਹਿਣਾ ਹੈ ਕਿ ਅਕਾਸ਼ ਦੀਪ ਮਾਨਸਿਕ ਤੌਰ ‘ਤੇ ਕਮਜ਼ੋਰ ਹੈ ਅਤੇ ਉਸਦਾ ਪਿਤਾ ਵੀ ਉਸਦੇ ਨਾਲ ਯਾਤਰਾ ਕਰ ਰਿਹਾ ਸੀ। ਪੁਲਿਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਦੱਸ ਦਈਏ ਕਿ ਇਹ ਗਲਤ ਸੂਚਨਾ ਦਾ ਕੋਈ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾ ਵੀ ਕਈ ਵਾਰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੰਬ ਦੀ ਅਜਿਹੀ ਗਲਤ ਜਾਣਕਾਰੀ ਮਿਲੀ ਹੈ।