ਚੰਗੀ ਜ਼ਿੰਦਗੀ ਜਿਊਣ ਲਈ ਸਿਹਤਮੰਦ ਸਰੀਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਉਮਰ ਦੇ ਨਾਲ-ਨਾਲ ਸਾਡਾ ਸਰੀਰ ਤੇ ਦਿਮਾਗ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਬੁਢਾਪੇ ਵਿੱਚ ਦਿਮਾਗ਼ ਦੇ ਸੈੱਲ ਵੀ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਵਧਦੀ ਉਮਰ ਦੇ ਨਾਲ ਲੋਕਾਂ ਨੂੰ ਭੁੱਲਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਲੋਕਾਂ ਨੂੰ ਇਹ ਸਮੱਸਿਆ ਨਹੀਂ ਹੁੰਦੀ ਸੀ ਪਰ ਅੱਜ ਦੇ ਬੱਚੇ ਅਤੇ ਨੌਜਵਾਨ ਵੀ ਭੁੱਲਣ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਤੁਹਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਕੁੱਝ ਬਦਲਾਅ ਕਰਨੇ ਪੈਣਗੇ ਤੇ ਆਪਣੀ ਖੁਰਾਕ ਵਿੱਚ ਕੁੱਝ ਚੀਜ਼ਾਂ ਸ਼ਾਮਲ ਕਰਨੀਆਂ ਪੈਣਗੀਆਂ।
ਇਸ ਲਈ ਆਪਣੀ ਖੁਰਾਕ ‘ਚ ਕਾਰਬੋਹਾਈਡ੍ਰੇਟਸ ਨੂੰ ਸ਼ਾਮਲ ਕਰੋ। ਅੱਜ-ਕੱਲ੍ਹ ਲੋਕ ਪਤਲੇ ਹੋਣ ਲਈ ਆਪਣੀ ਖੁਰਾਕ ਤੋਂ ਕਾਰਬੋਹਾਈਡ੍ਰੇਟਸ ਨੂੰ ਹਟਾ ਰਹੇ ਹਨ। ਇਹ ਕਮੀਂ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ। ਦਿਮਾਗ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਕਾਰਬੋਹਾਈਡ੍ਰੇਟਸ ਦੀ ਲੋੜ ਹੁੰਦੀ ਹੈ। ਇਸ ਲਈ ਆਪਣੀ ਖੁਰਾਕ ਵਿੱਚ ਫਾਈਬਰ ਸਟਾਰਚ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਕਾਰਬੋਹਾਈਡ੍ਰੇਟਸ ਬਹੁਤ ਸਾਰੇ ਫਲਾਂ ਸਬਜ਼ੀਆਂ ਜਿਵੇਂ ਕਿ ਆਲੂ, ਸ਼ਕਰਕੰਦੀ, ਚੌਲ ਆਦਿ ਵਿੱਚ ਪਾਏ ਜਾਂਦੇ ਹਨ।
ਇਸ ਦੇ ਨਾਲ ਹੀ ਓਮੇਗਾ 3 ਤੇ 6 ਫੈਟੀ ਐਸਿਡ ਹਨ ਜੋ ਸਰੀਰ ਅਤੇ ਦਿਮਾਗ ਲਈ ਕੰਮ ਕਰਦੇ ਹਨ। ਇਨ੍ਹਾਂ ਦੀ ਮਦਦ ਨਾਲ, ਡੋਪਾਮਾਈਨ ਸੇਰੋਟੋਨਿਨ ਵਰਗੇ ਹਾਰਮੋਨ ਨਿਕਲਦੇ ਹਨ, ਜੋ ਸਾਨੂੰ ਤੰਦਰੁਸਤੀ ਪ੍ਰਦਾਨ ਕਰਦੇ ਹਨ। ਇਹ ਫੈਟੀ ਐਸਿਡ ਮੱਛੀ, ਅਖਰੋਟ, ਕਾਜੂ, ਬਦਾਮ, ਮੂੰਗਫਲੀ, ਪੱਤੇਦਾਰ ਸਬਜ਼ੀਆਂ ਅਤੇ ਅੰਡੇ ਵਿੱਚ ਪਾਏ ਜਾਂਦੇ ਹਨ।
ਕੱਦੂ ਦੇ ਬੀਜਾਂ ਵਿੱਚ ਵਿਟਾਮਿਨ ਬੀ ਅਤੇ ਜ਼ਿੰਕ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਇਸ ‘ਚ ਮੈਗਨੀਸ਼ੀਅਮ ਅਤੇ ਓਮੇਗਾ-3 ਵੀ ਹੁੰਦਾ ਹੈ। ਇਸ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ। ਇਸ ਤੋਂ ਇਲਾਵਾ ਦਾਲਚੀਨੀ ‘ਚ ਕੋਲੈਸਟ੍ਰੋਲ ਘੱਟ ਕਰਨ ਦੇ ਗੁਣ ਹੁੰਦੇ ਹਨ ਤੇ ਇਹ ਦਿਮਾਗ ਨੂੰ ਤੇਜ਼ ਬਣਾਉਂਦੀ ਹੈ।
ਇਸ ਤੋਂ ਇਲਾਵਾ ਆਪਣੀ ਖੁਰਾਕ ਵਿੱਚ ਸਾਬਤ ਅਨਾਜ ਨੂੰ ਜ਼ਰੂਰ ਸ਼ਾਮਿਲ ਕਰੋ।ਇਸ ਲਈ ਜਵਾਰ, ਬਾਜਰਾ, ਭੂਰੇ ਚਾਵਲ ਅਤੇ ਕਣਕ ਵਰਗੇ ਸਾਬਤ ਅਨਾਜ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।