ਉਪ ਮੁੱਖ ਮੰਤਰੀ ਨੇ ਮੁਹਾਲੀ ਵੇਰਕਾ ਪਲਾਂਟ ਦਾ ਦੌਰਾ ਕਰਕੇ ਕੰਮ ਦਾ ਜਾਇਜ਼ਾ ਲਿਆ
ਚੰਡੀਗੜ੍ਹ : ਤਿਉਹਾਰਾਂ ਮੌਕੇ ਵੇਰਕਾ ਉਤਪਾਦਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਮਿਲਕਫੈਡ ਪੂਰੀ ਤਰ੍ਹਾਂ ਤਿਆਰ ਹੈ। ਇਹ ਗੱਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮੁਹਾਲੀ ਵੇਰਕਾ ਪਲਾਂਟ ਵਿਖੇ ਕੰਮ ਦਾ ਜਾਇਜ਼ਾ ਲੈਣ ਮੌਕੇ ਕਹੀ।ਸ. ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਹੈ, ਨੇ ਵੇਰਕਾ ਪਲਾਂਟ ਵਿਖੇ ਦੁੱਧ ਦੀ ਪ੍ਰਾਸੈਸਿੰਗ, ਦੇਸੀ ਘਿਓ ਅਤੇ ਪਨੀਰ ਦੇ ਉਤਪਾਦਨ ਖ਼ੁਦ ਦੇਖਿਆ ਅਤੇ ਗੁਣਵੱਤਾ ਦੇ ਮਿਆਰਾਂ ਉਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮਿਲਕਫੈਡ ਆਪਣੀ ਸ਼ੁੱਧਤਾ ਲਈ ਜਾਣਿਆ ਜਾਂਦਾ ਹੈ ਅਤੇ ਇਸੇ ਲਈ ਤਿਉਹਾਰਾਂ ਦੇ ਸੀਜ਼ਨ ਮੌਕੇ ਵੇਰਕਾ ਉਤਪਾਦਾਂ ਦੀ ਮੰਗ ਵਧ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਪੂਰੀ ਕਰਨ ਲਈ ਮਿਲਕਫੈਡ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਿਲਕਫੈਡ ਦੇ ਉਤਪਾਦਾਂ ਦੀ ਕਿਸਮ ਵੀ ਗਾਹਕਾਂ ਨੂੰ ਖਿੱਚਦੀ ਹੈ।ਉਪ ਮੁੱਖ ਮੰਤਰੀ ਨੇ ਸੁਚਾਰੂ ਪ੍ਰਬੰਧਾਂ ਉਤੇ ਤਸੱਲੀ ਜ਼ਾਹਰ ਕੀਤੀ ਅਤੇ ਸਟਾਫ਼ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਸਹਿਕਾਰੀ ਅਦਾਰਿਆਂ ਦੀ ਮਜ਼ਬੂਤੀ ਨਾਲ ਕਿਸਾਨੀ ਅਤੇ ਦੁੱਧ ਉਤਪਾਦਕਾਂ ਦੀ ਆਰਥਿਕਤਾ ਵੀ ਤਕੜੀ ਹੋਵੇਗੀ। ਇਸ ਮੌਕੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ ਵੀ ਹਾਜ਼ਰ ਸਨ।