ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਨੂੰ ਜ਼ਿਲ੍ਹਾ ਮਾਨਸਾ ਵਿਖੇ ਪਹੁੰਚ ਰਹੇ ਹਨ। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਵਿਚ 26 ਮਾਰਚ 2022 ਨੂੰ ਡਰੋਨ ਕੈਮਰਿਆਂ ‘ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਪਾਬੰਦੀ ਮੁੱਖ ਮੰਤਰੀ ਨਾਲ ਆਉਣ ਵਾਲੀ ਸ਼ੋਸ਼ਲ ਮੀਡੀਆ ਟੀਮ ‘ਤੇ ਲਾਗੂ ਨਹੀਂ ਹੋਵੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਵਿੱਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਨਾਜ ਮੰਡੀ ਮਾਨਸਾ ਵਿਖੇ ਪਹੁੰਚ ਰਹੇ ਹਨ। ਕਈ ਵਾਰ ਸਮਾਗਮ ਵਾਲੀ ਥਾਂ ਤੇ ਫੋਟੋਗ੍ਰਾਫਰਜ਼, ਪ੍ਰੈਸ ਰਿਪੋਰਟਰਜ਼ ਅਤੇ ਆਮ ਜਨਤਾ ਵੱਲੋਂ ਡਰੋਨ ਕੈਮਰਿਆਂ ਦੀ ਮਦਦ ਨਾਲ ਸਮਾਗਮ ਦੀ ਮੂਵੀ ਤਿਆਰ ਕੀਤੀ ਜਾਂਦੀ ਹੈ, ਪ੍ਰੰਤੂ ਡਰੋਨ ਕੈਮਰਿਆਂ ਦੀ ਮਦਦ ਨਾਲ ਮੂਵੀ ਤਿਆਰ ਕਰਨਾ ਸੁਰੱਖਿਆ ਦੇ ਮੱਦੇਨਜ਼ਰ ਕਾਫੀ ਖ਼ਤਰਨਾਕ ਹੁੰਦਾ ਹੈ, ਕਿਉਂਕਿ ਡਰੋਨ ਕੈਮਰਿਆਂ ਦਾ ਫਾਇਦਾ ਉਠਾਉਂਦੇ ਹੋਏ ਕੁਝ ਸ਼ਰਾਰਤੀ ਅਨਸਰ ਇਸ ਨਾਲ ਕਿਸੇ ਮੰਦਭਾਗੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਸ ਲਈ ਕੋਈ ਵੀ ਸ਼ਰਾਰਤੀ ਵਿਅਕਤੀ ਅਜਿਹੀ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ, ਇਸ ਲਈ ਇਹ ਹੁਕਮ 26 ਮਾਰਚ 2022 ਲਈ ਲਾਗੂ ਰਹੇਗਾ।